ਪੱਤਰ ਪ੍ਰੇਰਕ
ਮਾਨਸਾ, 4 ਸਤੰਬਰ
ਪੰਜਾਬ ਦੇ ਆੜਤੀਆਂ ਨੇ ਨਰਮੇ ਦੀ ਆੜ੍ਹਤ ਨੂੰ ਲੈਕੇ ਐਲਾਨੇ ਸੰਘਰਸ਼ ਨੂੰ ਭਾਵੇਂ 9 ਸਤੰਬਰ ਤੱਕ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਇੱਕ ਮੁਲਾਕਾਤ ਦੌਰਾਨ ਮੁਲਤਵੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਮਾਨਸਾ ਵਿੱਚ ਭਲਕੇ 5 ਸਤੰਬਰ ਨੂੰ ਆੜ੍ਹਤੀਆਂ ਦਾ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਆੜ੍ਹਤੀ ਐਸੋਸੀਏਸ਼ਨ ਮਾਨਸਾ ਵੱਲੋਂ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ।
ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਨੇ ਦੱਸਿਆ ਕਿ ਰੋਸ ਰੈਲੀ ਲਈ ਪੰਜਾਬ ਭਰ ਦੇ ਆੜ੍ਹਤੀਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਸਰਕਾਰ ਵੱਲੋਂ ਨਰਮੇ ’ਤੇ ਢਾਈ ਫੀਸਦੀ ਤੋਂ ਇੱਕ ਫੀਸਦੀ ਆੜ੍ਹਤ ਕਰਨ ਵਿਰੁੱਧ ਨਵਾਂ ਨਿਰਣਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨਰਮੇ ਦੀ ਆੜਤ ਸਬੰਧੀ 9 ਸਤੰਬਰ ਨੂੰ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇੱਕ ਵਿਸ਼ੇਸ ਮੀਟਿੰਗ ਬੁਲਾਈ ਗਈ ਹੈ, ਪਰ ਜਥੇਬੰਦੀ ਵੱਲੋਂ ਸਰਕਾਰ ਵਿਰੁੱਧ ਅੰਦੋਲਨ ਦਾ ਫੈਸਲਾ ਭਲਕੇ ਕੀਤਾ ਜਾਵੇਗਾ, ਜਿਸ ਨੂੰ ਲਾਗੂ 9 ਸਤੰਬਰ ਤੋਂ ਮਗਰੋਂ ਕਰਨ ਦਾ ਮਤਾ ਬਕਾਇਦਾ ਪਾਸ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ 9 ਸਤੰਬਰ ਨੂੰ ਆਪਣਾ ਫੈਸਲਾ ਵਾਪਸ ਲੈ ਲਿਆ ਤਾਂ ਆੜ੍ਹਤੀਆ ਐਸੋਸੀਏਸ਼ਨ ਆਪਣਾ ਅੰਦੋਲਨ ਵੀ ਵਾਪਸ ਲੈ ਲਵੇਗੀ, ਨਹੀਂ ਸਰਕਾਰ ਖਿਲਾਫ਼ ਸੰਘਰਸ਼ ਦੇ ਝੰਡੇ ਗੱਡੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ ਤੋਂ ਕੋਨੋ-ਕੋਨੋ ਤੋਂ ਆੜ੍ਹਤੀਏ ਸ਼ਾਮਲ ਹੋਣਗੇ ਤੇ ਇਸ ਰੈਲੀ ਵਿੱਚ ਪੰਜਾਬ ਭਰ ਤੋਂ ਆੜ੍ਹਤੀਏ ਵਰਗ ਨਾਲ ਜੁੜੇ ਕਿਸਾਨ, ਮੁਨਸ਼ੀ, ਮੁਨੀਮ,ਮਜ਼ਦੂਰ ਵੀ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ਼ ਆੜ੍ਹਤੀਆਂ ਐਸੋਸੀਏਸਨ, ਪੰਜਾਬ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਜੇ ਕਰ ਪੰਜਾਬ ਸਰਕਾਰ ਵੱਲੋਂ ਕੀਤੇ ਆੜ੍ਹਤੀ ਮਾਰੂ ਐਲਾਨ ਨੂੰ ਬਿਨ੍ਹਾਂ ਕਿਸੇ ਦੇਰੀ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਸ ਮੌਕੇ ਅਮਰ ਨਾਥ ਜਿੰਦਲ,ਬਿਸ਼ਨਾ ਛੱਜੂ,ਪੂਰਨ ਚੰਦ ਵੀਰੋਕੇ, ਜਗਜੀਵਨ ਰੱਲਾ, ਮੇਸ਼ੀ ਖੋਖਰ, ਸ਼ਿਵਜੀ ਰਾਮ ਤੋਤਾ, ਜੋਨੀ ਨੰਦਗੜ੍ਹ ਆਤਦ ਸਨ।