ਪੱਤਰ ਪ੍ਰੇਰਕ
ਮਾਨਸਾ, 25 ਸਤੰਬਰ
ਮਾਲਵਾ ਖੇਤਰ ਵਿੱਚ ਪਏ ਮੀਂਹ ਦੇ ਪਾਣੀ ਖੇਤਾਂ ਵਿੱਚ ਭਰਿਆ ਹੋਇਆ ਹੈ ਤੇ ਫਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅੱਜ ਦਿਨ ਚੰਗਾ ਲੱਗਿਆ, ਪਰ ਖੇਤਾਂ ਵਿੱਚ ਜੋਬਨ ’ਤੇ ਖੜ੍ਹੀ ਬੀ.ਟੀ ਨਰਮੇ ਦੀ ਫੁੱਲਬੂਕੀ ਨੂੰ ਕੇਰ (ਸੁੱਟ) ਦਿੱਤਾ ਹੈ। ਕੁਝ ਕਿਸਾਨਾਂ ਨੇ ਇਸ ਮੀਂਹ ਦੇ ਪਾਣੀ ਨੂੰ ਨੀਵੇਂ ਇਲਾਕਿਆਂ ਵਿੱਚ ਕੱਢਣਾ ਸ਼ੁਰੂ ਕਰ ਦਿੱਤਾ ਹੈ ਪਰ ਪਾਣੀ ਜ਼ਿਆਦਾ ਹੋਣ ਕਾਰਨ ਅੰਨਦਾਤਾ ਵੀ ਬੇਵੱਸ ਨਜ਼ਰ ਆ ਰਿਹਾ ਹੈ। ਬਹੁਤੇ ਖੇਤਾਂ ਵਿੱਚ ਫ਼ਸਲਾਂ ਨੇ ਦਮ ਤੋੜਨਾ ਆਰੰਭ ਕਰ ਦਿੱਤਾ ਹੈ।
ਇਸ ਵਾਰ ਨਰਮੇ ਅਤੇ ਬਾਸਮਤੀ ਦੀ ਭਰਭੂਰ ਫਸਲ ਹੋਣ ਦੀ ਉਮੀਦ ਸੀ ਜਿਸ ਤੋਂ ਮਾਲਵਾ ਖੇਤਰ ਦੇ ਵਾਰੇ-ਨਿਆਰੇ ਹੋਣ ਦੀਆਂ ਗੱਲਾਂ ਤੁਰੀਆਂ ਹੋਈਆਂ ਸਨ। ਇਸੇ ਦੌਰਾਨ ਅੱਠ ਪਹਿਰਾਂ ਦੇ ਮੀਂਹ ਨੇ ਕਿਸਾਨਾਂ ਦੇ ਅੰਕੜਿਆਂ ਨੂੰ ਮਧੋਲ ਸੁੱਟਿਆ ਹੈ। ਇਸ ਮੀਂਹ ਨੇ ਇਕੱਲੇ ਨਰਮੇ ਦਾ ਹੀ ਨੁਕਸਾਨ ਨਹੀਂ ਕੀਤਾ ਸਗੋਂ ਇਸ ਨੇ ਪਸ਼ੂਆਂ ਦਾ ਹਰਾ ਚਾਰਾ ਅਤੇ ਪੱਕੇ ਖੜ੍ਹੇ ਝੋਨੇ ਨੂੰ ਵੀ ਧਰਤੀ ’ਤੇ ਵਿਛਾ ਧਰਿਆ ਹੈ। ਮੀਂਹ ਨੇ ਮੂੰਗੀ ਦੀ ਫ਼ਸਲ ਅਤੇ ਹਰੀਆਂ ਸਬਜ਼ੀਆਂ ਦੇ ਖੇਤਾਂ ਵਿੱਚ ਵੀ ਭਾਰੀ ਤਬਾਹੀ ਕੀਤੀ ਹੈ। ਖੇਤਾਂ ਵਿੱਚ ਖੜ੍ਹਾ ਪਾਣੀ ਛੇਤੀ ਸੁੱਕਣ ਦੀ ਕੋਈ ਉਮੀਦ ਵਿਖਾਈ ਨਹੀਂ ਦੇ ਰਹੀ ਜਿਸ ਤੋਂ ਕਿਸਾਨਾਂ ਦੇ ਚਿੱਟੇ ਸੋਨੇ ਦੇ ਕਾਲੇ ਰੰਗ ਵਿੱਚ ਬਦਲਣ ਦਾ ਡਰ ਸਾਫ਼ ਨਜ਼ਰ ਆ ਰਿਹਾ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਦੀਆਂ ਪਿੰਡਾਂ ਵਿਚਲੀਆਂ ਇਕਾਈਆਂ ਤੋਂ ਰਿਪੋਰਟਾਂ ਹਾਸਲ ਤੋਂ ਬਾਅਦ ਦੱਸਿਆ ਹੈ ਕਿ ਮਾਲਵਾ ਖੇਤਰ ਦੇ ਹਜ਼ਾਰਾਂ ਏਕੜ ਰਕਬੇ ਵਿੱਚ ਨਰਮੇ,ਝੋਨੇ ਅਤੇ ਪਸ਼ੂਆਂ ਦੇ ਹਰੇ-ਚਾਰੇ ਸਮੇਤ ਸਬਜ਼ੀਆਂ ਦਾ ਮਲੀਅਮੇਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਉਪਰਾਲਾ ਕਰੇ।
ਨੁਕਸਾਨੀਆਂ ਫਸਲਾਂ ਬਾਰੇ ਸਰਕਾਰ ਨੂੰ ਭੇਜੀ ਜਾਵੇਗੀ ਰਿਪੋਰਟ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਮੀਂਹ ਕਾਰਨ ਖੇਤਾਂ ਵਿੱਚ ਨੁਕਸਾਨ ਹੋਣ ਦੀਆਂ ਖ਼ਬਰਾਂ ਪੁੱਜਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਦੀ ਟੀਮ ਮੀਂਹ ਹਟਣ ਤੋਂ ਖੇਤਾਂ ਵਿੱਚ ਜਾਣਗੀਆਂ ਅਤੇ ਨੁਕਸਾਨੀਆਂ ਫਸਲਾਂ ਬਾਰੇ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੇਗੀ।