ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 31 ਅਗਸਤ
ਚਿੱਟੇ ਸੋਨੇ ਦੀ ਪੱਟੀ ਵਜੋਂ ਜਾਣੇ ਜਾਂਦੇ ਮੁਕਤਸਰ ਖੇਤਰ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ| ਪਹਿਲੀ ਬੋਲੀ ਪ੍ਰਾਈਵੇਟ ਖਰੀਦਦਾਰ ਬਾਬੂ ਰਾਮ ਗਰੋਵਰ ਤੇ ਸੁਪਨੀਤ ਗਰੋਵਰ ਕਾਟਨ ਫੈਕਟਰੀ ਵੱਲੋਂ 10 ਹਜ਼ਾਰ 251 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤੀ ਗਈ| ਇਸ ਮੌਕੇ ਹਰਕ੍ਰਿਸ਼ਨ ਸਿੰਘ ਮੱਕੜ, ਗੁਰਬਾਜ ਸਿੰਘ ਮੱਕੜ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਕਾਕਾ ਉੜਾਂਗ ਤੇ ਕਮੇਟੀ ਅਧਿਕਾਰੀ ਕਲਗਾ ਸਿੰਘ ਹਾਜ਼ਰ ਸਨ| ਆੜ੍ਹਤੀਆਂ ਤੇ ਫੈਕਟਰੀਆਂ ਵਾਲਿਆਂ ਨੇ ਕਿਹਾ ਕਿ ਨਰਮੇ ਦੀ ਚੰਗੀ ਪੈਦਾਵਾਰ ਹੀ ਕਿਸਾਨਾਂ ਨਾਲ ਉਨ੍ਹਾਂ ਦੇ ਰੁਜ਼ਗਾਰ ਲਈ ਸ਼ੁਭ ਸ਼ਗਨ ਹੈ| ਨਰਮਾ ਵਪਾਰੀਆਂ ਨੇ ਦੱਸਿਆ ਕਿ ਨਰਮੇ ਦੀ ਪੈਦਾਵਾਰ ਘੱਟ ਹੋਣ ਕਾਰਨ ਇਸਦਾ ਭਾਅ 14 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ| ਇਸ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਨਰਮੇ ਦੀ ਸਰਕਾਰੀ ਖਰੀਦ 1 ਨਵੰਬਰ ਤੋਂ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਵੀ ਜੋ ਨਰਮਾ ਮੰਡੀ ਵਿੱਚ ਆਵੇਗਾ ਉਸਦੀ ਖਰੀਦ ਦੇ ਪ੍ਰਬੰਧ ਕਰਨ ਦੀ ਤਿਆਰੀ ਮੁਕੰਮਲ ਹੈ| ਮੰਡੀ ਵਿੱਚ ਸਫਾਈ, ਰੌਸ਼ਨੀ, ਅਰਾਮ ਕਰਨ ਅਤੇ ਹੋਰ ਸਾਰੀਆਂ ਸਹੂਲਤਾਂ ਮੁਕਮੰਲ ਹਨ| ਪਿੰਡ ਥਾਂਦੇਵਾਲਾ ਦੇ ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਉਸਨੇ 18 ਕਿਲੇ ਨਰਮਾ ਬੀਜਿਆ ਸੀ ਜਿਸ ਵਿੱਚੋਂ ਚਾਰ ਕਿਲੇ ਬਾਰਸ਼ਾਂ ਕਾਰਨ ਖਰਾਬ ਹੋ ਗਿਆ ਹੈ ਜਦੋਂਕਿ ਬਾਕੀ ਦਾ ਝਾੜ ਘੱਟ ਗਿਆ ਹੈ| ਉਸਨੇ ਦੱਸਿਆ ਕਿ ਪਿਛਲੇ ਸਾਲ ਨਰਮੇ ਦਾ ਝਾੜ 10 ਕੁਇੰਟਲ ਤੋਂ 12 ਕੁਇੰਟਲ ਸੀ ਜਿਹੜਾ ਕਿ ਹੁਣ 6 ਤੋਂ 8 ਕੁਇੰਟਲ ਦਾ ਝਾੜ ਰਹਿ ਗਿਆ ਹੈ| ਹੁਣ ਜੇ ਭਾਅ ਚੰਗਾ ਮਿਲੇਗਾ ਤਾਂ ਹੀ ਉਨ੍ਹਾਂ ਦਾ ਖਰਚਾ ਪੂਰਾ ਹੋਵੇਗਾ।
ਨਰਮੇ ਹੇਠ ਰਕਬਾ ਘਟਿਆ: ਮੁੱਖ ਖੇਤੀਬਾੜੀ ਅਫਸਰ
ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿੱਚ ਨਰਮੇ ਹੇਠ ਰਕਬਾ 37 ਹਜ਼ਾਰ 80 ਹੈਕਟੇਅਰ ਸੀ ਪਰ ਬਾਰਸ਼ਾਂ ਨਾਲ ਮਾਰਾਂ ਬਹੁਤ ਪਈਆਂ ਹਨ| ਨਰਮੇ ਨਾਲੋਂ ਵੱਡਾ ਘਾਹ ਉੱਗ ਪਿਆ ਹੈ| ਬਾਰਸ਼ਾਂ ਕਰਕੇ ਨਾ ਗੋਡੀ ਤੇ ਨਾ ਸਪਰੇਅ ਹੋਈ ਹੈ| ਇਸਤੋਂ ਬਿਨਾਂ ਨਹਿਰ ਟੁੱਟਣ ਕਾਰਨ ਬਿਜਾਈ ਦਾ ਲੇੇਟ ਹੋਣਾ, ਫਿਰ ਸੋਕਾ ਪੈਣਾ ਤੇ ਉਸਤੋਂ ਬਾਅਦ ਭਾਰੀਆਂ ਬਾਰਸ਼ਾਂ ਕਾਰਨ ਨਰਮੇ ਦਾ ਕਰੀਬ 6287 ਏਕੜ ਰਕਬਾ ਬਰਬਾਦ ਹੋ ਗਿਆ ਹੈ| ਗਿਰਦਾਵਰੀ ਹੋਣ ਤੋਂ ਬਾਅਦ ਅਸਲ ਸਥਿਤੀ ਪਤਾ ਚੱਲੇਗੀ| ਹੁਣ ਵੀ ਨਰਮੇ ਨੂੰ ਦੋ ਚੀਜ਼ਾਂ ਦਾ ਖਤਰਾ ਚਿੱਟੀ ਮੱਖੀ ਅਤੇ ਗੁਲਾਬੀ ਸ