ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 27 ਅਕਤੂਬਰ
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਮੁੱਖ ਗੇਟ ਅੱਗੇ ਧਰਨੇ ’ਤੇ ਬੈਠੇ ਵੈਟਰਨਰੀ ਡਿਪਲੋਮਾ ਹੋਲਡਰਾਂ ’ਤੇ ਕੁਝ ਦਿਨ ਪਹਿਲਾਂ ਰਾਤ ਸਮੇਂ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਥਾਨਕ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਵੈਟਰਨਰੀ ਡਿਪਲੋਮਾ ਹੋਲਡਰਾਂ ਦੇ ਹੱਕ ਵਿੱਚ ਥਾਣਾ ਤਲਵੰਡੀ ਸਾਬੋ ਅੱਗੇ ਧਰਨਾ ਦੇ ਕੇ ਯੂਨੀਵਰਸਿਟੀ ਪ੍ਰਬੰਧਕਾਂ, ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਧਰਨੇ ਨੂੰ ਸਬੋਧਨ ਕਰਦਿਆਂ ਬੀਕੇਯੂ (ਸਿੱਧੂਪੁਰ) ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਸੰਦੋਹਾ, ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ, ਯੋਧਾ ਸਿੰਘ ਨੰਗਲਾ ਕਿਸਾਨ ਆਗੂ, ਵਿਦਿਆਰਥੀ ਆਗੂ ਰਾਜੂ ਭਦੌੜ ਅਤੇ ਜਸਪਾਲ ਅਕਲੀਆ ਨੇ ਕਿਹਾ ਯੂਨੀਵਰਸਿਟੀ ਨੇ ਸਨ 2015 ਵਿੱਚ ਦੋ ਸਾਲਾ ਵੈਟਰਨਰੀ ਡਿਪਲੋਮਾ ਸ਼ੁਰੂ ਕੀਤਾ ਸੀ ਜਿਸ ਤਹਿਤ ਨੌਜਵਾਨਾਂ ਨੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਮਨਸ਼ਾ ਨਾਲ ’ਵਰਸਿਟੀ ਤੋਂ ਉਕਤ ਡਿਪਲੋਮਾ ਕੀਤਾ ਸੀ। ਲੇਕਿਨ ਜਦ ਡਿਪਲੋਮਾ ਹੋਲਡਰ ਪੰਜਾਬ ਸਰਕਾਰ ਵੱਲੋਂ ਵੈਟਰਨਰੀ ਇੰਸਪੈਕਟਰਾਂ ਦੀਆਂ ਕੱਢੀਆਂ ਪੋਸਟਾਂ ਦੇ ਫਾਰਮ ਭਰਨ ਲੱਗੇ ਤਾਂ ਪਤਾ ਲੱਗਾ ਕਿ ਉਕਤ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਡਿਪਲੋਮੇ ਨੂੰ ਨਾ ਤਾਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ, ਨਾ ਪੰਜਾਬ ਸਰਕਾਰ ਤੇ ਨਾ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਕੋਈ ਮਾਨਤਾ ਹੈ ਅਤੇ ਇਹ ਪ੍ਰਮਾਣ ਪੱਤਰ ਜਾਅਲੀ ਹਨ। ਉਨ੍ਹਾਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਭਵਿੱਖਨਾਲ ਖਿਲਵਾੜ ਕੀਤਾ ਤੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਕੇ ਭਵਿੱਖ ਧੁੰਦਲਾ ਕਰ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਜਦ ਡਿਪਲੋਮਾ ਹੋਲਡਰ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਧਰਨੇ ’ਤੇ ਬੈਠੇ ਸਨ ਤਾਂ 12 ਅਕਤੂਬਰ ਦੀ ਰਾਤ ਨੂੰ ਕੁੱਝ ਲੋਕਾਂ ਨੇ ਧਰਨਾਕਾਰੀਆਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦਾ ਟੈਂਟ ਪੁੱਟ ਦਿੱਤਾ। ਲੇਕਿਨ ਪੁਲੀਸ ਨੇ ਅਜੇ ਤੱਕ ਕਿਸੇ ਵੀ ਹਮਲਾਵਰ ਦਾ ਪਤਾ ਲਗਾ ਕੇ ਕੋਈ ਕਾਰਵਾਈ ਨਹੀਂ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜਦ ਤੱਕ ਹਮਲਾਵਰਾਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਪੁਲੀਸ ਕਾਰਵਾਈ ਨਹੀਂ ਕੀਤੀ ਜਾਂਦੀ ਤੱਕ ਧਰਨਾ ਜਾਰੀ ਰਹੇਗਾ ਤੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਦੂਜੇ ਪਾਸੇ ਪੁਲੀਸ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।