ਪੱਤਰ ਪ੍ਰੇਰਕ
ਫਾਜ਼ਿਲਕਾ, 2 ਅਗਸਤ
ਫਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਦੀ ਪੁਲੀਸ ਨੇ ਚੋਰੀ ਦੇ 21 ਮੋਟਰਸਾਈਕਲਾਂ ਅਤੇ ਇਕ ਐਕਟਿਵਾ ਸਮੇਤ ਚੋਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੋਟਰਸਾਈਕਲ ਚੋਰ ਗਰੋਹ ਦਾ ਵੱਡਾ ਪਰਦਾਫਾਸ਼ ਕੀਤਾ ਗਿਆ ਹੈ। ਸੰਦੀਪ ਸਿੰਘ ਅਤੇ ਰਾਵਲ ਸਿੰਘ ਤੋਂ ਮੋਟਰ ਸਾਇਕਲ ਬੁਲਟ ਅਤੇ ਆਜ਼ਾਦ ਸਿੰਘ ਅਤੇ ਕਰਨਵੀਰ ਸਿੰਘ ਨੂੰ ਸਪਲੈਂਡਰ ਪਲਸ ਬਿਨਾਂ ਨੰਬਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸੰਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ 4 ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟੀ, ਆਜ਼ਾਦ ਸਿੰਘ ਦੀ ਨਿਸ਼ਾਨਦੇਹੀ ’ਤੇ 10 ਮੋਟਰਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ 4 ਮੋਟਰਸਾਈਕਲ ਬਲਵਿੰਦਰ ਸਿੰਘ ਵਾਸੀ ਜੰਮੂ ਬਸਤੀ ਅਬੋਹਰ ਨੂੰ ਵੇਚਣ ਲਈ ਦਿੱਤੇ ਹਨ, ਜਿਸ ’ਤੇ ਬਲਵਿੰਦਰ ਸਿੰਘ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ ਉਕਤ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਜ਼ਾਦ ਸਿੰਘ ਵਾਸੀ ਬੱਲੂਆਣਾ ਕਲੋਨੀ ਅਬੋਹਰ ਦੇ ਖਿਲਾਫ਼ ਥਾਣਾ ਸਿਟੀ ਮਲੋਟ ਵਿਖੇ ਪਹਿਲਾਂ ਵੀ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਸੰਦੀਪ ਸਿੰਘ ਉਰਫ਼ ਸੰਜੂ ਵਾਸੀ ਢਾਣੀ ਕੜਾਕਾ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 4 ਮੋਟਰਸਾਈਕਲ ਅਤੇ ਇਕ ਐਕਟਿਵਾ, ਹਾਵਲ ਸਿੰਘ ਵਾਸੀ ਬੁਰਜ਼ਮੁਹਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਇਕ ਮੋਟਰਸਾਈਕਲ, ਕਰਨਵੀਰ ਸਿੰਘ ਉਰਫ਼ ਕਾਕਾ ਵਾਸੀ ਬੁਰਜ ਮੁਹਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਇਕ ਮੋਟਰਸਾਈਕਲ, ਆਜ਼ਾਦ ਸਿੰਘ ਵਾਸੀ ਬੱਲੂਆਣਾ ਕਲੋਨੀ ਅਬੋਹਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 10 ਮੋਟਰਸਾਈਕਲ, ਬਲਵਿੰਦਰ ਸਿੰਘ ਵਾਸੀ ਜੰਮੂ ਬਸਤੀ ਅਬੋਹਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਆਕਾਸ਼ ਵਾਸੀ ਅਜੀਤ ਨਗਰ ਅਬੋਹਰ ਅਤੇ ਗਗਨ ਵਾਸੀ ਅਜੀਤ ਨਗਰ ਅਬੋਹਰ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਇਸ ਮੌਕੇ ਗੁਰਬਿੰਦਰ ਸਿੰਘ ਸੰਘਾ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਸੁਖਵਿੰਦਰ ਸਿੰਘ ਬਰਾੜ ਉਪ ਕਪਤਾਨ ਪੁਲੀਸ ਸਬ ਡਵਿਜ਼ਨ ਅਬੋਹਰ (ਸ਼ਹਿਰੀ) ਮੌਜੂਦ ਸਨ।