ਕਾਲਾਂਵਾਲੀ: ਕਸਬਾ ਰੋੜੀ ਨੇੜੇ ਪੰਜਾਬ-ਹਰਿਆਣਾ ਦੀ ਹੱਦ ‘ਤੇ ਲੱਗਾ ਪੁਲੀਸ ਨਾਕਾ ਆਮ ਜਨਤਾ ਲਈ ਵੱਡੀ ਸਮੱਸਿਆ ਬਣ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਰੋੜੀ ਵਿੱਚ ਸਰਦੂਲਗੜ੍ਹ ਵੱਲ ਜਾਣ ਵਾਲੀ ਮੁੱਖ ਸੜਕ ਉੱਤੇ ਇੱਕ ਪਾਸੇ ਪੰਜਾਬ ਪੁਲੀਸ ਅਤੇ ਦੂਜੇ ਪਾਸੇ ਹਰਿਆਣਾ ਪੁਲੀਸ ਵੱਲੋਂ ਨਾਕਾ ਲਾਇਆ ਹੋਇਆ ਹੈ। ਪੁਲੀਸ ਵੱਲੋਂ ਮੁੱਖ ਸੜਕ ਉੱਤੇ ਨਾਕਾ ਲਾਇਆ ਗਿਆ ਹੈ ਅਤੇ ਵਾਹਨ ਚਾਲਕਾਂ ਲਈ ਆਉਣ-ਜਾਣ ਵਾਸਤੇ ਛੋਟਾ ਜਿਹਾ ਰਸਤਾ ਦਿੱਤਾ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਮੀਂਹ ਪੈਣ ਕਾਰਨ ਇਸ ਰਸਤੇ ’ਤੇ ਕਾਫ਼ੀ ਜ਼ਿਆਦਾ ਚਿੱਕੜ ਜਮ੍ਹਾਂ ਹੋ ਗਿਆ ਹੈ ਅਤੇ ਆਉਣ-ਜਾਣ ਵਾਲੇ ਵਾਹਨ ਇਸ ਵਿੱਚ ਫਸ ਜਾਂਦੇ ਹਨ। ਅੱਜ ਇਸ ਨਾਕੇ ਕੋਲ ਇੱਕ ਕਾਰ ਫਸ ਗਈ, ਜਿਸ ਕਾਰਨ ਇੱਥੇ ਵਾਹਨਾਂ ਦੀ ਲੰਮੀ ਲਾਈਨ ਲੱਗ ਗਈ। ਕਾਫ਼ੀ ਦੇਰ ਬਾਅਦ ਇਸ ਕਾਰ ਨੂੰ ਉੱਥੋਂ ਹਟਾਇਆ ਜਾ ਸਕਿਆ, ਜਿਸ ਤੋਂ ਬਾਅਦ ਆਵਾਜਾਈ ਸੁਚਾਰੂ ਹੋ ਸਕੀ। ਲੋਕਾਂ ਦੀ ਮੰਗ ਹੈ ਕਿ ਇਹ ਨਾਕੇ ਹਟਾਏ ਜਾਣ। -ਪੱਤਰ ਪ੍ਰੇਰਕ