ਬਲਜੀਤ ਸਿੰਘ
ਸਰਦੂਲਗੜ੍ਹ 18 ਸਤੰਬਰ
ਸਰਦੂਲਗੜ੍ਹ-ਸਿਰਸਾ ਕੌਮੀ ਮਾਰਗ ’ਤੇ ਸ਼ਹਿਰਾਂ ਬਾਰੇ ਸੂਚਨਾ ਦਰਸਾਉਣ ਲਈ ਲਗਾਏ ਗਏ ਬੋਰਡ ਦਾ ਪਿੱਲਰ ਕਮਜ਼ੋਰ ਹੋ ਕੇ ਟੇਢਾ ਹੋ ਗਿਆ ਹੈ ਜਿਸ ਕਾਰਨ ਕਿਸੇ ਵੇਲੇ ਵੀ ਇਹ ਬੋਰਡ ਸੜਕ ਉੱਤੇ ਡਿੱਗ ਸਕਦਾ ਹੈ ਤੇ ਵੱਡਾ ਹਾਦਸਾ ਹੋ ਸਕਦਾ ਹੈ। ਸਬੰਧਤ ਮਹਿਕਮਾ ਅਤੇ ਪ੍ਰਸ਼ਾਸਨ ਇਸ ਗੱਲ ਤੋਂ ਬੇਖ਼ਬਰ ਜਾਪ ਰਿਹਾ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਦੂਲਗੜ੍ਹ-ਸਿਰਸਾ ਰੋਡ ’ਤੇ ਝੰਡੇ ਕਲਾਂ ਨੂੰ ਜਾਣ ਵਾਲੀ ਸੜਕ ਦੇ ਉਪਰ ਸਬੰਧਤ ਮਹਿਕਮੇ ਵੱਲੋਂ ਸ਼ਹਿਰਾਂ ਬਾਰੇ ਸੂਚਨਾ ਦੇਣ ਲਈ ਵੱਡਾ ਗੇਟ ਨੁਮਾ ਬੋਰਡ ਲਗਾਇਆ ਗਿਆ ਹੈ। ਇਸ ਬੋਰਡ ਦੇ ਪਿੱਲਰ ਦੇ ਰੂਪ ’ਚ ਲਗਾਈਆਂ ਗਈਆਂ ਪਾਈਪਾਂ ਟੁੱਟ ਚੁੱਕੀਆਂ ਹਨ ਅਤੇ ਇਹ ਬੋਰਡ ਇਕ ਪਾਸੇ ਤੋਂ ਟੇਢਾ ਹੋ ਚੁੱਕਾ ਹੈ। ਕਮਜ਼ੌਰ ਪਿੱਲਰ ਵਾਲਾ ਇਹ ਬੋਰਡ ਕਿਸੇ ਵੀ ਸਮੇਂ ਸੜਕ ਤੋਂ ਗੁਜ਼ਰ ਰਹੇ ਵਾਹਨਾਂ ਦੇ ਉੱਪਰ ਡਿੱਗ ਸਕਦਾ ਹੈ ਤੇ ਵੱਡਾ ਨੁਕਸਾਨ ਕਰ ਸਕਦਾ ਹੈ।
ਪਰਿਆਸ ਵੈੱਲਫੇਅਰ ਟਰੱਸਟ ਸਰਦੂਲਗੜ੍ਹ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਕਾਕਾ ਓਪਲ ਅਤੇ ਸ਼ਹਿਰ ਵਾਸੀਆਂ ਨੇ ਸਬੰਧਤ ਮਹਿਕਮੇ ਅਤੇ ਲੋਕਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੇਟ ਨੁਮਾ ਬੋਰਡ ਦੀਆਂ ਟੁੱਟ ਚੁੱਕੀਆਂ ਪਾਈਪਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਜਾਂ ਇਸ ਬੋਰਡ ਨੁਮਾ ਗੇਟ ਨੂੰ ਇਸ ਜਗ੍ਹਾ ਤੋਂ ਤੁਰੰਤ ਹਟਾ ਦਿੱਤਾ ਜਾਵੇ ਤਾਂ ਕਿ ਹਾਦਸੇ ਨੂੰ ਟਾਲਿਆ ਜਾ ਸਕੇ ਤੇ ਰਾਹਗੀਰਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਟੇਢੀਆਂ ਪਾਈਪਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇਗੀ: ਐੱਸਡੀਓ
ਪੀਡਬਲਿਊਡੀ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਾਗਰ ਦਾ ਕਹਿਣਾ ਹੈ ਕਿ ਇਸ ਸੂਚਨਾ ਬੋਰਡ ਬਾਰੇ ਜਲਦੀ ਹੀ ਸਰਵੇਖਣ ਕੀਤਾ ਜਾਵੇਗਾ ਅਤੇ ਉਸ ਦੇ ਕਮਜ਼ੋਰ ਪਿੱਲਰ ਦੀਆਂ ਟੇਢੀਆਂ ਪਾਈਪਾਂ ਬਾਰੇ ਜਾਣਕਾਰੀ ਲੈ ਕੇ ਉਨ੍ਹਾਂ ਨੂੰ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ ਤਾਂ ਕਿ ਕੋਈ ਹਾਦਸਾ ਨਾ ਹੋ ਸਕੇ।