ਪੱਤਰ ਪ੍ਰੇਰਕ
ਅਬੋਹਰ, 6 ਦਸੰਬਰ
ਸਥਾਨਕ ਇੰਦਰਾ ਨਗਰੀ ਦੀ ਗਲੀ ਨੰਬਰ 6 ਨਾਲ ਲਗਦੀਆਂ ਗਲੀਆਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ। ਇਹ ਗੱਲ ਅੱਜ ਵਿਧਾਇਕ ਅਰੁਣ ਨਾਰੰਗ ਨੇ ਵਾਰਡ ਦਾ ਦੌਰਾ ਕਰਦੇ ਹੋਏ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਦੇ ਹੋਈ ਕਹੀ। ਵਿਧਾਇਕ ਨਾਰੰਗ ਨੇ ਕਿਹਾ ਕਿ ਕਾਂਗਰਸੀ ਆਗੂ ਹਰ ਰੋਜ਼ ਸ਼ਹਿਰ ਵਿੱਚ ਵਿਕਾਸ ਕਰਵਾਉਣ ਦੇ ਦਾਅਵੇ ਕਰ ਰਹੇ ਹਨ, ਜੋ ਸਰਾਸਰ ਝੂਠ ਹੈ। ਜੇ ਅਸਲੀਅਤ ਵਿੱਚ ਬਿਨਾਂ ਪੱਖਪਾਤ ਦੇ ਵਿਕਾਸ ਹੋ ਰਿਹਾ ਹੈ ਤਾਂ ਕੀ ਇਹ ਖੇਤਰ ਅਬੋਹਰ ਦਾ ਹਿੱਸਾ ਨਹੀਂ। ਕੀ ਅੰਮ੍ਰਿਤ ਯੋਜਨਾ ਇਸ ਰਿਹਾਇਸ਼ੀ ਖੇਤਰ ਵਿੱਚ ਲਾਗੂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇੱਥੇ ਵਿਕਾਸ ਤਾਂ ਦੂਰ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਵਿਧਾਇਕ ਨੇ ਦੋਸ਼ ਲਗਾਏ ਕਿ ਅੰਮ੍ਰਿਤ ਯੋਜਨਾ ਦਾ ਕਰੀਬ 200 ਕਰੋੜ ਰੁਪਏ ਕਾਂਗਰਸੀ ਆਗੂਆਂ ਦੇ ਇਸ਼ਾਰਿਆਂ ’ਤੇ ਉਨ੍ਹਾਂ ਦੇ ਚਹੇਤਿਆਂ ਦੇ ਖੇਤਰਾਂ ਵਿੱਚ ਕੀਤਾ ਜਾ ਰਿਹਾ ਹੈ, ਜਦਕਿ ਜ਼ਰੂਰਤਮੰਦ ਲੋਕ ਅੱਜ ਵੀ ਵਿਕਾਸ ਨੂੰ ਤਰਸ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਅਸ਼ੋਕ ਛਾਬੜਾ, ਨਵਨੀਤ ਜਾਇਸਵਾਲ, ਰੂਪੇਸ਼ ਕੁੱਕੜ ਬਾਵਾ, ਵਿਸ਼ਣੂ ਅਗਰਵਾਲ, ਰਾਮ ਕ੍ਰਿਸ਼ਨ ਗੁਪਤਾ, ਚੇਤਰਾਮ, ਰਿਸ਼ੀ ਪ੍ਰਜਾਪਤ, ਬੰਟੀ ਕਠੇਰੀਆ ਹਾਜ਼ਰ ਸਨ।