ਪੱਤਰ ਪ੍ਰੇਰਕ
ਭੁੱਚੋ ਮੰਡੀ, 3 ਅਕਤੂਬਰ
ਕਿਸਾਨਾਂ ਦੇ ਹੜ੍ਹ ਨੇ ਪੂੰਜੀਪਤੀਆਂ ਦੇ ਕਾਰੋਬਾਰ ਬਿਲਕੁੱਲ ਠੱਪ ਕਰ ਦਿੱਤੇ ਹਨ। ਅੱਜ ਤੀਜੇ ਦਿਨ ਵੀ ਤਿੰਨ ਬਲਾਕਾਂ ਨਥਾਣਾ, ਮੌੜ ਅਤੇ ਰਾਮਪੁਰਾ ਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਲਹਿਰਾ ਬੇਗਾ ਟੌਲ ਪਲਾਜ਼ਾ, ਬੈਸਟ ਪ੍ਰਾਈਸ ਮਾਲ ਅਤੇ ਐਸਆਰ ਪੈਟਰੋਲ ਪੰਪ ਅੱਗੇ ਦਿੱਤੇ ਧਰਨਿਆਂ ਵਿੱਚ ਡਟੇ ਰਹੇ। ਕਿਸਾਨ ਬੀਬੀਆਂ ਨੇ ਮੋਦੀ ਅਤੇ ਅੰਬਾਨੀ ਦੀ ਫੋਟੋ ‘ਤੇ ਜੁੱਤੀਆਂ ਮਾਰੀਆਂ ਅਤੇ ਨਾਅਰੇਬਾਜ਼ੀ ਕੀਤੀ। ਪ੍ਰਬੰਧਕਾਂ ਦੇ ਦੱਸਣ ਅਨੁਸਾਰ ਇਨ੍ਹਾਂ ਧਰਨਿਆਂ ਕਾਰਨ ਬੰਦ ਪਏ ਟੌਲ ਪਲਾਜ਼ਾ, ਬੈਸਟ ਪ੍ਰਾਈਸ ਅਤੇ ਪੰਪਾਂ ਦਾ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਕਰਮਜੀਤ ਕੌਰ, ਬਲਾਕ ਆਗੂ ਹੁਸ਼ਿਆਰ ਸਿੰਘ, ਬਲਜੀਤ ਪੂਹਲਾ ਅਤੇ ਲਖਵੀਰ ਵੀਰੂ ਨੇ ਮੋਦੀ ਸਰਕਾਰ ਨੂੰ ਰਗੜੇ ਲਗਾਏ।