ਇਕਬਾਲ ਸਿੰਘ ਸ਼ਾਂਤ
ਲੰਬੀ, 11 ਜਨਵਰੀ
ਖੇਤੀ ਕਾਨੂੰਨਾਂ ਦਾ ਕਾਲਾ ਪਰਛਾਵਾਂ ਸਿਆਸਤਦਾਨਾਂ ਦੇ ਚਿੱਟੇ ਕੱਪੜਿਆਂ ’ਤੇ ਵਧਦਾ ਜਾ ਰਿਹਾ ਹੈ। ਪੰਜਾਬ-ਹਰਿਆਣਾ ’ਚ ਵੱਖ-ਵੱਖ ਥਾਈਂ ਸਿਆਸੀ ਕਿਰਦਾਰਾਂ ਦੀ ਸੁਆਹ ਪੁੱਟਣ ਮਗਰੋਂ ਹੁਣ ਲੰਬੀ ਹਲਕੇ ’ਚ ਵਿਰੋਧ ਭਖ ਉੱਠਿਆ ਹੈ। ਇੱਥੋਂ ਦੇ ਪਿੰਡ ਫਤਹਿਪੁਰ ਮਨੀਆਂ ਦੇ ਅਵਾਮ ਨੇ ਸਖ਼ਤ ਰੁੱਖ ਅਪਨਾਉਂਦੇ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਸਿਆਸਤਦਾਨਾਂ ਦੇ ਪਿੰਡ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ। ਫੈਸਲੇ ਮੁਤਾਬਕ ਇਹ ਪਾਬੰਦੀ ਸਾਰੀਆਂ ਸਿਆਸੀ ਪਾਰਟੀ ਦੇ ਆਗੂਆਂ ’ਤੇ ਲਾਗੂ ਹੋਵੇਗੀ। ਇਸ ਬਾਈਕਾਟ ਦੇ ਬਾਵਜੂਦ ਪਿੰਡ ’ਚ ਦਾਖ਼ਲ ਹੋਣ ਦੀ ਹਿਮਾਕਤ ਕਰਨ ਵਾਲੇ ਰਾਜਸੀ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ‘ਸਵਾਗਤ’ ਕੀਤਾ ਜਾਵੇਗਾ। ਪਿੰਡ ਦੇ ਵਿਕਾਸ ਕਾਰਜਾਂ ਲਈ ਆਉਣ ਵਾਲੇ ਸਰਕਾਰੀ ਅਮਲੇ ’ਤੇ ਪਾਬੰਦੀ ਦਾ ਕੋਈ ਅਸਰ ਨਹੀਂ ਹੋਵੇਗਾ, ਜਦੋਂਕਿ ਸਰਕਾਰੀ ਅਫ਼ਸਰਾਂ ਦੇ ਨਾਲ ਨੰਬਰ ਬਣਾਉਣ ਆਉਣ ਸਿਆਸੀ ਆਗੂਆਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਫੈਸਲੇ ਦੀ ਉਲੰਘਣਾ ਹੋਣ ’ਤੇ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਦੇ ਵੱਡੀ ਗਿਣਤੀ ਆਰਡਰ ਦੇ ਦਿੱਤਾ ਹੈ। ਅੱਜ ਗੁਰਦੁਆਰੇ ’ਚ ਇਕੱਠੇ ਹੋ ਕੇ ਕਿਸਾਨ ਆਗੂ ਭੁਪਿੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਕੁਲਵੰਤ ਸਿੰਘ ਸਣੇ ਕਾਫ਼ੀ ਗਿਣਤੀ ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਬਾਈਕਾਟ ਦਾ ਫੈਸਲਾ ਲਿਆ। ਗੁਰੂਘਰ ਦੇ ਸਪੀਕਰ ਤੋਂ ਹੋਕਾ ਦੇ ਕੇ ਪਿੰਡ ਵਾਸੀਆਂ ਨੂੰ ਇਸ ਬਾਈਕਾਟ ਸਬੰਧੀ ਜਾਣੂ ਕਰਵਾਇਆ।
ਕਿਸਾਨ ਆਗੂ ਭੁਪਿੰਦਰ ਸਿੰਘ ਖਾਲਸਾ ਤੇ ਲਾਭ ਸਿੰਘ ਨੰਬਰਦਾਰ ਨੇ ਕਿਹਾ ਕਿ ਦਿੱਲੀ ਬਾਰਡਰ ’ਤੇ ਕਿਸਾਨਾਂ ਦੇ ਸੰਘਰਸ਼ ਦੇ ਬਾਵਜੂਦ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਦਾ ਰਵੱਈਆ ਨਾਂਹ-ਪੱਖੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀਆਂ ਸਿਆਸੀ ਪਾਰਟੀਆਂ ਅੰਦਰਖਾਤੇ ਇਕਜੁੱਟ ਹਨ। ਸਿਰਫ਼ ਕਿਸਾਨਾਂ ਨੂੰ ਭਰਮਾਉਣ ਖਾਤਰ ਵਿਰੋਧੀ ਪਾਰਟੀਆਂ ਵੀ ਫੋਕਾ ਵਿਰੋਧ ਦਰਸਾ ਰਹੀਆਂ ਹਨ। ਇਸ ਕਰਕੇ ਪਿੰਡ ਵਾਸੀਆਂ ਨੇ ਵੀ ਸਾਰੀਆਂ ਪਾਰਟੀਆਂ ਦੇ ਆਗੂਆਂ ’ਤੇ ਪਾਬੰਦੀ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਨਾ ਰੱਦ ਹੋਣ ਤੱਕ ਸਿਆਸੀ ਲੀਡਰਾਂ ਦੀ ਆਮਦ ਮੌਕੇ ਕਾਲੇ ਝੰਡੇ ਵਿਖਾਏ ਜਾਣਗੇ ਤੇ ਬੈਰੰਗ ਮੋੜਿਆ ਜਾਵੇਗਾ।