ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 13 ਫਰਵਰੀ
ਵਿਧਾਨ ਸਭਾ ਹਲਕਾ ਧਰਮਕੋਟ ਤੋਂ ਤੀਸਰੀ ਵਾਰ ਚੋਣ ਲੜ ਰਹੇ ਮੌਜੂਦਾ ਕਾਂਗਰਸੀ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦਾ ਇਸ ਵਾਰ ਵਿਧਾਨ ਸਭਾ ਵਿੱਚ ਪੁੱਜਣਾ ਸੁਖਾਲਾ ਨਹੀਂ ਜਾਪ ਰਿਹਾ। ਸਾਲ 2012 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਹੋ ਕੇ ਕਾਂਗਰਸੀ ਬਣ ਕੇ ਚੋਣ ਮੈਦਾਨ ਵਿੱਚ ਕੁੱਦੇ ਕਾਕਾ ਲੋਹਗੜ੍ਹ ਉਸ ਵੇਲੇ ਅਕਾਲੀ ਉਮੀਦਵਾਰ ਤੋਂ ਚੋਣ ਹਾਰ ਗਏ ਸਨ, ਲੇਕਿਨ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ਅਕਾਲੀ ਉਮੀਦਵਾਰ ਜਥੇਦਾਰ ਤੋਤਾ ਸਿੰਘ ਨੂੰ ਕਰਾਰੀ ਹਾਰ ਦਿੱਤੀ ਸੀ ਪਰ ਇਸ ਵਾਰ ਸਥਿਤੀ ਵੱਖਰੀ ਹੈ। ਮਰਹੂਮ ਸਿਆਸੀ ਆਗੂ ਜਥੇਦਾਰ ਕੁਲਦੀਪ ਸਿੰਘ ਢੋਸ ਦੇ ਫ਼ਰਜ਼ੰਦ ਦਵਿੰਦਰਜੀਤ ਸਿੰਘ ਲਾਡੀ ਢੋਸ ਖ਼ੁਦ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਹਲਕੇ ਦੇ ਵੱਡੇ ਕਾਂਗਰਸੀ ਆਗੂ ਵਿਜੇ ਕੁਮਾਰ ਧੀਰ, ਗੁਰਮੀਤ ਮੁਖੀਜਾ ਧਰਮਕੋਟ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸਾਧੂ ਸਿੰਘ ਮੰਦਰ, ਭੁਪੇਸ਼ ਕੁਮਾਰ ਗਰਗ ਫਤਹਿਗੜ੍ਹ ਪੰਜਤੂਰ, ਅਜੈਬ ਸਿੰਘ ਲਲਿਹਾਂਦੀ, ਜਸਵਿੰਦਰ ਸਿੰਘ ਤਖਤੂਵਾਲਾ ਆਦਿ ਆਗੂਆਂ ਨੇ ਪਾਰਟੀ ਵਿੱਚ ਆਪਣੀ ਸੁਣਵਾਈ ਨਾ ਹੋਣ ਦਾ ਕਾਰਨ ਦੱਸਦਿਆਂ ਵਿਧਾਇਕ ਲੋਹਗੜ੍ਹ ਤੋਂ ਕਿਨਾਰਾਕਸ਼ੀ ਕਰ ਲਈ ਹੈ।