ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਦਸੰਬਰ
ਪਿੰਡ ਜਲਾਲਾਬਾਦ ਪੂਰਬੀ ਵਿੱਚ ਕਿੱਸਾਕਾਰ ਸਾਧੂ ਦਯਾ ਸਿੰਘ ਆਰਿਫ਼ (1896-1946) ਦੀ ਯਾਦ ਵਿੱਚ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਕਿੱਸਾਕਾਰ ਸਾਧੂ ਦਯਾ ਸਿੰਘ ਆਰਿਫ ਮਹਾਨ ਸੂਫੀ ਕਵੀ ਹੋਏ ਹਨ। ਉਨ੍ਹਾਂ ਦੀਆਂ ਰਚਨਾਵਾਂ ਸਮਾਜ ਲਈ ਰਾਹ ਦਸੇਰਾ ਬਣ ਚੁੱਕੀਆਂ ਹਨ। ਇਨ੍ਹਾਂ ਦੇ ਨਾਮ ਕਰਕੇ ਹੀ ਪਿੰਡ ਜਲਾਲਾਬਾਦ ਪੂਰਬੀ ਦਾ ਨਾਮ ਦੇਸ਼ਾਂ-ਵਿਦੇਸ਼ਾਂ ਵਿੱਚ ਮਸ਼ਹੂਰ ਹੋ ਚੁੱਕਾ ਹੈ। ਇਸ ਪਿੰਡ ਦੀ ਪਛਾਣ ਇੱਥੋਂ ਦੀ ਭੱਠਾ ਸਨਅਤ ਅਤੇ ਪ੍ਰਸਿੱਧ ਕਿੱਸਾਕਾਰ ਸਾਧੂ ਦਯਾ ਸਿੰਘ ਆਰਿਫ਼ ਤੋਂ ਇਲਾਵਾ ਰਾਜਨੀਤਕ ਤੌਰ ਉੱਤੇ ਸਾਧੂ ਦਯਾ ਸਿੰਘ ਆਰਿਫ਼ ਦੇ ਪੁੱਤਰ ਕੁਲਤਾਰ ਸਿੰਘ ਵੱਲੋਂ ਹਲਕਾ ਧਰਮਕੋਟ ਦੀ ਨੁਮਾਇੰਦਗੀ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਇਸ ਮੌਕੇ ਸਰਪੰਚ ਹਰਿੰਦਰਜੀਤ ਕੌਰ ਖੇਲਾ, ਪੰਚਾਇਤ ਮੈਂਬਰ, ਬਲਾਕ ਸਮਿਤੀ ਮੈਂਬਰ ਬੀਬੀ ਰਾਜਵਿੰਦਰ ਕੌਰ, ਚੇਅਰਮੈਨ ਪ੍ਰਿਤਪਾਲ ਸਿੰਘ ਚੀਮਾ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ, ਸੁਖਜਿੰਦਰ ਸਿੰਘ ਲੈਂਡਲਾਰਡ ਤੇ ਹੋਰ ਪਿੰਡ ਵਾਸੀ ਤੇ ਪਾਰਟੀ ਆਗੂ ਮੌਜੂਦ ਸਨ।