ਹਰਦੀਪ ਸਿੰਘ ਜਟਾਣਾ
ਮਾਨਸਾ, 14 ਜੂਨ
ਝੋਨਾ ਲਗਾਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਫਿਕਰਾਂ ’ਚ ਡੁੱਬੇ ਕਿਸਾਨਾਂ ਦੇ ਫਿਕਰ ਨੌਜਵਾਨਾਂ ਨੇ ਘਟਾ ਕੇ ਅੱਧੇ ਕਰ ਦਿੱਤੇ ਹਨ। ਨੌਜਵਾਨਾਂ ਨੇ ਜਦੋਂ ਤੋਂ ਖੇਤਾਂ ਵੱਲ ਮੂੰਹ ਕੀਤਾ ਹੈ, ਉਸੇ ਦਿਨ ਤੋਂ ਪੰਜਾਬ ਦੇ ਕਿਸਾਨਾਂ ਨੂੰ ਚੰਗੇ ਦਿਨਾਂ ਦੀ ਆਸ ਬੱਝੀ ਹੈ। ਸਕੂਲੀ ਵਿਦਿਆਰਥੀਆਂ ਅਤੇ ਕਾਲਜ ਪੜ੍ਹਦੇ ਗੱਭਰੂਆਂ ਵੱਲੋਂ ਝੋਨੇ ਦੀ ਪਨੀਰੀ ਦੀਆਂ ਗੁੱਟੀਆਂ ਸੰਭਾਲਣ ਨਾਲ ਉਨ੍ਹਾਂ ਦੇ ਬਾਪੂ ਬਾਗੋਬਾਗ ਹੋ ਗਏ ਹਨ। ਇਹ ਦ੍ਰਿਸ਼ ਕਾਫੀ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਹੇ ਹਨ। ਪਿੰਡ ਮਲਕਪੁਰ ਦੇ ਸਾਹਿਬ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਮੁੰਡਿਆਂ ਦੀਆਂ ਟੋਲੀਆਂ ਨੇ ਜਿਸ ਦਿਨ ਦਾ ਖੇਤਾਂ ਵੱਲ ਮੂੰਹ ਕੀਤਾ ਹੈ, ਸਾਨੂੰ ਪੰਜਾਬ ’ਚ ਭਲੇ ਦਿਨ ਪਰਤਣ ਦੀ ਆਸ ਬੱਝ ਗਈ ਹੈ। ਜਟਾਣਾ ਖੁਰਦ ਦੇ ਕਿਸਾਨ ਅਮਰਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਸਾਥ ਮਿਲਣ ’ਤੇ ਸਾਡਾ ਫਿਕਰ ਦੂਰ ਹੋ ਗਿਆ ਹੈ। ਇਸ ਸਬੰਧੀ ਨੌਜਵਾਨ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦਸ ਦੋਸਤਾਂ ਨੇ ਰਲ ਕੇ ਟੋਲੀ ਬਣਾਈ ਹੋਈ ਹੈ, ਦੋ ਦਿਨ ਇੱਕ ਦੇ ਖੇਤ ਅਤੇ ਦੋ ਦਿਨ ਦੂਸਰੇ ਦੇ ਖੇਤ ਕੰਮ ਕਰਦੇ ਹਨ।
ਪੰਜਾਬੀ ਮਜ਼ਦੂਰਾਂ ਦੀ ਮੱਠੀ ਰਫ਼ਤਾਰ ਤੋਂ ਕਿਸਾਨ ਔਖੇ
ਮਾਨਸਾ, (ਪੱਤਰ ਪ੍ਰੇਰਕ): ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਘਾਟ ਲਗਾਤਾਰ ਰੜਕਣ ਲੱਗੀ ਹੈ। ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਦੇ ਘੱਟ ਗਿਣਤੀ ’ਚ ਪੁੱਜਣ ਸਬੰਧੀ ਅੱਜ ਪਿੰਡਾਂ ਦੀ ਦੇਸੀ ਲੇਬਰ ਤੋਂ ਝੋਨੇ ਨੂੰ ਲਵਾਉਣ ਦਾ ਜੁਗਾੜ ਕੀਤਾ ਗਿਆ। ਭਾਵੇਂ ਪਿੰਡਾਂ ਦੇ ਮਜ਼ਦੂਰ ਅਤੇ ਔਰਤਾਂ ਇਸ ਝੋਨੇ ਨੂੰ ਚੰਗੀ ਤਰ੍ਹਾਂ ਲਾਉਣ ਲੱਗ ਪਈਆਂ ਹਨ ਪਰ ਫਿਰ ਵੀ ਦੱਖਣੀ ਪੰਜਾਬ ਦੇ ਇਸ ਖੇਤਰ ਦਾ ਕਿਸਾਨ ਪਰਵਾਸੀ ਮਜ਼ਦੂਰਾਂ ਹੱਥੋਂ ਲੱਗੇ ਝੋਨੇ ਨੂੰ ਪਹਿਲ ਦਿੰਦੇ ਆ ਰਹੇ ਹਨ। ਇਸ ਖੇਤਰ ’ਚ ਬਹੁਤ ਸਾਰੇ ਕਿਸਾਨ ਇੱਧਰੋਂ ਪ੍ਰਾਈਵੇਟ ਬੱਸਾਂ ਲਿਜਾ ਕੇ ਅਜਿਹੇ ਪਰਵਾਸੀ ਕਾਮਿਆਂ ਨੂੰ ਲਿਆਉਣ ਵੀ ਲੱਗੇ ਹਨ ਅਤੇ ਬੱਸਾਂ ਵਾਲੇ ਕਿਸਾਨ ਦੀ ਮਜਬੂਰੀ ਦਾ ਲਾਹਾ ਲੈ ਕੇ ਭਾਰੀ ਗਿਣਤੀ ਵਿੱਚ ਰੇਟ ਵਸੂਲਣ ਲੱਗੇ ਹਨ। ਮਜ਼ਦੂਰਾਂ ਦੀ ਘਾਟ ਨੇ ਹੀ ਕਿਸਾਨਾਂ ਲਈ ਝੋਨੇ ਦੀ ਲੇਬਰ ਵਾਲੀ ਤਕਲੀਫ਼ ਪੈਦਾ ਕਰ ਦਿੱਤੀ ਹੈ।ਮਾਲਵਾ ਪੱਟੀ ਵਿਚ ਬੇਸ਼ੱਕ ਪੇਂਡੂ ਮਜ਼ਦੂਰ ਵੀ ਅੱਜ-ਕੱਲ ਝੋਨਾ ਲਾਉਣ ਲੱਗੇ ਹਨ ਪਰ ਇਨ੍ਹਾਂ ਮਜ਼ਦੂਰਾਂ ਦੀ ਝੋਨਾ ਲਾਉਣ ਦੀ ਰਫ਼ਤਾਰ ਅਤੇ ਝੋਨੇ ਦੀ ਲੁਵਾਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠ ਰਹੀ ਹੈ, ਜਿਸ ਕਰ ਕੇ ਕਿਸਾਨ ਪਨੀਰੀ ਪੁੱਟ ਕੇ ਖੇਤਾਂ ਵਿਚ ਗੱਡਣ ਦਾ ਕਾਰਜ ਪਰਵਾਸੀ ਮਜ਼ਦੂਰਾਂ ਕੋਲੋਂ ਕਰਵਾਕੇ ਹੀ ਖੁਸ਼ ਹੁੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਸਥਾਨਕ ਮਜ਼ਦੂਰਾਂ ਦੇ ਮੁਕਾਬਲੇ ਲਾਉਂਦੇ ਵੀ ਸਪੀਡ ਵਿਚ ਹਨ ਅਤੇ ਇਹ ਕਿਸਾਨ ਉਪਰ ਰੋਟੀ-ਟੁੱਕ ਦਾ ਬੋਝ ਵੀ ਨਹੀਂ ਬਣਦੇ ਹਨ।