ਇਕਬਾਲ ਸਿੰਘ ਸ਼ਾਂਤ
ਲੰਬੀ, 19 ਅਗਸਤ
ਕਈ ਕਰੋੜ ਰੁਪਏ ਦੀ ਲਾਗਤ ਮਗਰੋਂ ਕਰਵਾਈ ਮੁੜ ਉਸਾਰੀ ਤੋਂ ਬਾਅਦ ਵੀ ਰਾਜਸਥਾਨ ਕੈਨਾਲ ਤੇ ਪੈਂਦੇ ਪੁਰਾਣੇ ਪੁਲਾਂ ਦੇ ਆਲੇ-ਦੁਆਲੇ ਥਾਂ ਥਾਂ ਖਸਤਾ ਹਾਲਤ ਬਾਹਰੀ ਕੰਧਾਂ ਢਹਿ ਰਹੀਆਂ ਹਨ, ਜਿਸ ਕਾਰਨ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਖਤਰਾ ਖੜ੍ਹਾ ਹੋ ਰਿਹਾ ਹੈ। ਅੱਜ ਸਵੇਰੇ ਵੜਿੰਗਖੇੜਾ ਦੇ ਵਾਟਰ ਵਰਕਸ ਨੂੰ ਜਾਂਦੀ ਜ਼ਮੀਂਦੋਜ਼ ਵਾਟਰ ਸਪਲਾਈ ਪਾਈਪ ਟੁੱਟਣ ਨਾਲ ਨਹਿਰ ਦੀ ਖਸਤਾ ਹਾਲਤ ਬੁਰਜੀ ਨੰਬਰ 485598 ਦੇ ਹਿੱਸੇ ’ਚ ਵੱਡਾ ਘਾਰ ਬਣ ਗਿਆ। ਪੁਲ ਹੇਠੋਂ ਕਰੀਬ 20 ਫੁਟ ਨਹਿਰ ਦੀ ਬਾਹਰੀ ਕੰਧ ਢਹਿ ਗਈ ਤੇ ਕਾਫ਼ੀ ਹਿੱਸਾ ਨੁਕਸਾਨਿਆ ਗਿਆ। ਪਾਣੀ ਦੇ ਰਿਸਾਅ ਕਰਕੇ ਲਗਾਤਾਰ ਡੂੰਘੇ ਹੁੰਦੇ ਘਾਰ ਨੂੰ ਵੇਖ ਕੇ ਨੇੜਲੇ ਖੇਤ ’ਚ ਕੰਮ ਕਰਨ ਆਏ ਕਿਸਾਨ ਨੇ ਸਮਾਂ ਰਹਿੰਦੇ ਹੀ ਸੂਚਨਾ ਦਿੱਤੀ ਤੇ ਪਿੰਡ ਵਾਲਿਆਂ ਨੇ ਮੌਕਾ ਸੰਭਾਲਿਆ। ਵੜਿੰਗਖੇੜਾ ਨੂੰ ਨਹਿਰ ਵਿੱਚੋਂ ਪੱਖਿਆਂ ਤੋਂ ਪਾਈਪਾਂ ਰਾਹੀਂ ਸਪਲਾਈ ਹੁੰਦੀ ਹੈ। ਸਰਕਾਰੀ ਮਸ਼ੀਨਰੀ ਨੇ ਨਹਿਰ ਦੀ ਜੜ੍ਹ ਲਾਗਿਓਂ ਜ਼ਮੀਨ ਹੇਠਾਂ ਪਲਾਸਟਿਕ ਦੀ ਛੇ-ਸੱਤ ਇੰਚ ਮੋਟੀ ਪਾਈਪ ਲੰਘਾਈ ਹੋਈ ਹੈ। ਵਿਭਾਗੀ ਬੇਲਦਾਰ ਅਨੁਸਾਰ ਬੀਤੀ ਰਾਤ ਉਥੋਂ ਪੋਕਲੇਨ ਮਸ਼ੀਨ ਲੰਘਣ ਕਰਕੇ ਪਾਈਪ ਟੁੱਟ ਗਈ। ਸਵੇਰੇ ਛੇ ਵਜੇ ਕਿਸਾਨ ਨੇ ਵੱਡਾ ਘਾਰ ਪਿਆ ਵੇਖਿਆ ਤਾਂ ਤੁਰੰਤ ਵਾਟਰ ਵਰਕਸ ਦੀ ਪਾਣੀ ਸਪਲਾਈ ਬੰਦ ਕੀਤੀ ਤੇ ਪਿੰਡ ’ਚ ਸੂਚਨਾ ਭੇਜੀ। ਜਿਸ ਮਗਰੋਂ ਹੋਰ ਕਿਸਾਨ ਮੌਕੇ ’ਤੇ ਪੁੱਜ ਗਏ।
ਸਰਹਿੰਦ ਫੀਡਰ ’ਤੇ 32 ਪੁਲ ਬਣਨੇ ਬਾਕੀ
ਨਹਿਰ ਦੇ ਦੋ ਪੜਾਵਾਂ ’ਚ ਪਲਾਸਟਿਕ-ਕਮ-ਸੀਮਿੰਟਡ ਪੁਨਰ ਉਸਾਰੀ ਦੇ ਬਾਵਜੂਦ ਲੋਹਗੜ ਹੈੱਡ ਤੋਂ ਫਰੀਦਕੋਟ ਤੱਕ ਰਾਜਸਥਾਨ ਕੈਨਾਲ ਤੇ ਸਰਹਿੰਦ ਫੀਡਰ ’ਤੇ 32 ਪੁਲ ਬਣਨੇ ਹਾਲੇ ਬਕਾਇਆ ਹਨ। ਪੁਲਾਂ ਦੇ ਦੋਵੇਂ ਪਾਸੇ ਲਗਪਗ 10-15 ਮੀਟਰ ਤੱਕ ਨਹਿਰ ਦੀ ਬਾਹਰੀ ਕੰਧ ਵੀ ਨਵਿਆਉਣ ਵਾਲੀ ਪਈ ਹੈ। ਸੂਤਰਾਂ ਮੁਤਾਬਕ ਨਹਿਰੀ ਵਿਭਾਗ ਅਜੇ ਤੱਕ ਬਕਾਇਆ ਪੁਲਾਂ ਦੇ ਡਿਜ਼ਾਈਨ ਵੀ ਤਿਆਰ ਨਹੀਂ ਕਰ ਸਕਿਆ।