ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 15 ਜੁਲਾਈ
ਇੱਥੋਂ ਦੇ ਦੁਕਾਨਦਾਰਾਂ ਨੇ ਠੱਗੀ ਮਾਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਹੈ। ਮੁਲਜ਼ਮ ਦੀ ਪਛਾਣ ਕਾਰਜ ਸਿੰਘ ਵਾਸੀ ਸ਼ੇਰਪੁਰ ਤਾਇਬਾਂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਗੂਗਲ ਪੇਅ ਅਪਡੇਟ ਕਰਨ ਦੇ ਨਾਂ ’ਤੇ ਦੁਕਾਨਦਾਰਾਂ ਕੋਲ ਇਕ ਮਹੀਨੇ ਤੋਂ ਆ ਰਿਹਾ ਸੀ। ਉਹ ਦੁਕਾਨਦਾਰਾਂ ਤੋਂ ਮੋਬਾਈਲ ਲੈ ਕੇ ਇਕ ਹੋਰ ਐਪ ਡਾਊਨਲੋਕ ਕਰਦਾ ਸੀ ਅਤੇ ਉਕਤ ਐਪ ਤੋਂ ਮਹੀਨੇਵਾਰ ਲੋਨ ’ਤੇ ਮਿਲਣ ਵਾਲੀ ਰਾਸ਼ੀ ਨੂੰ ਆਪਣੇ ਖਾਤੇ ਵਿੱਚ ਤਬਦੀਲ ਕਰ ਲੈਂਦਾ ਸੀ। ਉਕਤ ਦੁਕਾਨਦਾਰਾਂ ਨੂੰ ਉਨ੍ਹਾਂ ਨਾਲ ਵੱਜੀ ਠੱਗੀ ਦਾ ਉਸ ਵੇਲੇ ਪਤਾ ਲੱਗਾ, ਜਦੋਂ ਰਿੰਗ ਐਪ ਕੰਪਨੀ ਨੇ ਲੋਨ ਦੀ ਰਾਸ਼ੀ ਨੂੰ ਮਹੀਨੇ ਬਾਅਦ ਦੁਕਾਨਦਾਰਾਂ ਤੋਂ ਵਾਪਸ ਮੰਗਿਆ। ਇਸ ਮਗਰੋਂ ਠੱਗੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਨੇ ਉਕਤ ਨੌਜਵਾਨ ਦੀ ਸ਼ਿਕਾਇਤ ਗੂਗਲ ਪੇਅ ਐਪ ਦੇ ਧਰਮਕੋਟ ਸਥਿਤ ਮੁੱਖ ਏਜੰਟ ਨੂੰ ਕੀਤੀ। ਅੱਜ ਜਦੋਂ ਉਕਤ ਮੁੱਖ ਏਜੰਟ ਸਾਰਜ ਸਿੰਘ ਉਕਤ ਨੌਜਵਾਨ ਨੂੰ ਨਾਲ ਲੈ ਕੇ ਪ੍ਰਭਾਵਿਤ ਦੁਕਾਨਦਾਰਾਂ ਕੋਲ ਆਇਆ ਤਾਂ ਪੀੜਤ ਦੁਕਾਨਦਾਰਾਂ ਨੇ ਉਸ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪ੍ਰਭਾਵਿਤ ਦੁਕਾਨਦਾਰਾਂ ਬਲਵਿੰਦਰ ਸਿੰਘ ਬਿੰਦੂ, ਕਪਿਲ ਦੇਵ, ਗੁਰਮੁਖ ਸਿੰਘ ਅਤੇ ਰਵਿੰਦਰ ਕੁਮਾਰ ਨੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਥਾਣਾ ਮੁਖੀ ਬਲਰਾਜ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤੇ ਇਸ ਗਰੋਹ ਵਿੱਚ ਸ਼ਾਮਲ ਹੋਰ ਲੋਕਾਂ ਦੇ ਕਾਬੂ ਆਉਣ ਦੀ ਸੰਭਾਵਨਾ ਹੈ।