ਕਰਨ ਭੀਖੀ
ਭੀਖੀ, 14 ਅਕਤੂਬਰ
ਸਥਾਨਕ ਵਾਰਡ ਨੰਬਰ ਇੱਕ ਵਿਖੇ ਅਰਜਨ ਕਲਾਥ ਨਾਮੀ ਦੁਕਾਨ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀ, ਨਾਇਬ ਤਹਿਸੀਲਦਾਰ, ਹਲਕਾ ਪਟਵਾਰੀ ਅਤੇ ਪੁਲੀਸ ਮੁਲਾਜ਼ਮਾਂ ਸਮੇਤ ਜਿੰਦਾ ਲਗਾਉਣ ਲਈ ਆਏ ਸਨ, ਪਰ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਅਧਿਕਾਰੀਆਂ ਨੂੰ ਬੇਰੰਗ ਮੋੜ ਦਿੱਤਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਸਿੰਘ ਭੀਖੀ ਨੇ ਦੱਸਿਆ ਕਿ ਭਾਰਤ ਭੂਸ਼ਨ ਨੇ ਪੰਜਾਬ ਨੈਸ਼ਨਲ ਬੈਂਕ ਕੋਲੋਂ ਕਰਜ਼ਾ ਲਿਆ ਸੀ, ਜਿਸ ਦੀ ਕਰੋਨਾ ਦੌਰਾਨ ਮੌਤ ਹੋ ਗਈ ਸੀ, ਮ੍ਰਿਤਕ ਦੇ ਪਰਿਵਾਰ ਵੱਲੋਂ ਕਰਜ਼ਾ ਮੋੜਿਆ ਨਹੀਂ ਗਿਆ, ਜਿਸ ਦੀ ਰਕਮ ਵਿਆਜ ਸਮੇਤ ਲਗਭਗ 11,40000 ਹੋ ਚੁੱਕੀ ਹੈ। ਅੱਜ ਬੈਂਕ ਅਧਿਕਾਰੀਆਂ ਵੱਲੋਂ ਦੁਕਾਨ ਨੂੰ ਜਿੰਦਾ ਲਗਾਇਆ ਜਾਣਾ ਸੀ, ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਅਧਿਕਾਰੀਆਂ ਦੇ ਪੁੱਜਣ ‘ਤੇ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਬੇਰੰਗ ਮੁੜਨਾ ਪਿਆ। ਜ਼ਿਲ੍ਹਾ ਆਗੂ ਭੋਲਾ ਸਿੰਘ ਸਮਾਓਂ ਨੇ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ। ਇਸ ਮੌਕੇ ਗੋਰਾ ਸਿੰਘ ਭੈਣੀ ਬਾਘਾ, ਸੁਖਾ ਪੰਡਤ, ਦਰਸ਼ਨ ਟੇਲਰ ਭੀਖੀ, ਅਮੋਲਕ ਸਿੰਘ ਖੀਵਾ ਆਦਿ ਹਾਜ਼ਰ ਸਨ।