ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 29 ਅਕਤੂਬਰ
ਕਸਬੇ ਨੇੜਲੇ ਪਿੰਡ ਢਪਾਲੀ ਵਿਚ ਪਿਛਲੇ ਦਿਨਾਂ ਤੋਂ ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਪਿੰਡ ਵਿੱਚ ਵੱਡੀ ਗਿਣਤੀ ਡੇਂਗੂ ਤੋਂ ਪੀੜਤ ਮਰੀਜ਼ ਹਨ ਘਰਾਂ ’ਚ ਪਏ ਹਨ, ਕੁਝ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ। ਦੂਜੇ ਪਾਸੇ, ਸਿਹਤ ਵਿਭਾਗ ਮੁਤਾਬਕ ਪਿੰਡ ਵਿੱਚ ਦੋ ਮਰੀਜ਼ ਡੇਂਗੂ ਪਾਜ਼ੇਟਿਵ ਹਨ।
ਬਲੱਡ ਡੋਨਰ ਕੌਂਸਲ ਰਾਮਪੁਰਾ ਦੇ ਪ੍ਰਧਾਨ ਧਰਮ ਸਿੰਘ ਭੁੱਲਰ, ਕ੍ਰਾਂਤੀਕਾਰੀ ਕਿਸਾਨ ਯੁੂਨੀਅਨ ਦੇ ਆਗੂ ਸੁਖਦੇਵ ਸਿੰਘ ਢਪਾਲੀ ਅਤੇ ਪੰਚਾਇਤ ਮੈਂਬਰ ਚਤਿੰਨ ਸਿੰਘ ਨੇ ਦੱਸਿਆ ਕਿ ਢਪਾਲੀ ਵਿੱਚ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਸੈਂਕੜਾ ਪਾਰ ਕਰ ਚੁੱਕੀ ਹੈ। ਪਿੰਡ ਦੀ ਬੱਠਾ ਪੱਤੀ ਧਰਮਸ਼ਾਲਾ ਵਾਲੀਆਂ ਗਲੀਆਂ ਦੇ ਤਕਰੀਬਨ ਸਾਰੇ ਘਰਾਂ ਵਿੱਚ ਹੀ ਡੇਂਗੂ ਦੇ ਮਰੀਜ਼ ਹਨ। ਆਗੂਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਸਰਕਾਰੀ ਹਸਪਤਾਲ ਰਾਮਪੁਰਾ ਵਿਚ ਹੜਤਾਲ ਹੋਣ ਕਾਰਨ ਡੇਂਗੂ ਪੀੜਤ ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ ਤੋਂ ਮਹਿੰਗੇ ਟੈਸਟ ਕਰਵਾਉਣੇ ਪਏ। ਉਨ੍ਹਾਂ ਦੱਸਿਆ ਕੁਝ ਮਰੀਜ਼ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ ਤੇ ਬਾਕੀ ਆਰਐਮਪੀ ਤੋਂ ਦਵਾਈਆਂ ਲੈ ਰਹੇ ਹਨ। ਉਨ੍ਹਾਂ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਭੇਜੀਆਂ ਜਾਣ।
ਇਸ ਸਬੰਧੀ ਐੱਸਐੱਮਓ ਭਗਤਾ ਡਾ. ਹਰਜਿੰਦਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਦੀ ਟੀਮ ਵੱਲੋਂ ਢਪਾਲੀ ਵਿਚ 150 ਘਰਾਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ। ਮੱਛਰਾਂ ਦੇ ਖ਼ਾਤਮੇ ਲਈ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਸੋਮਵਾਰ ਤੋਂ ਸਿਹਤ ਇੰਸਪੈਕਟਰ ਦੀ ਵਿਸ਼ੇਸ਼ ਡਿਊਟੀ ਲਗਾਈ ਜਾਵੇਗੀ।