ਇਕਬਾਲ ਸਿੰਘ ਸ਼ਾਂਤ
ਲੰਬੀ, 13 ਅਪਰੈਲ
ਟਰੱਕ ਯੂਨੀਅਨ ਕਿੱਲਿਆਂਵਾਲੀ ’ਤੇ ਕਬਜ਼ੇਕਾਰੀ ਮਾਮਲੇ ’ਚ ਟਕਸਾਲੀ ‘ਆਪ’ ਕਾਡਰ ਦੇ ਭਖਵੇਂ ਇਖਲਾਕੀ ਸੰਘਰਸ਼ ਅੱਗੇ ਵਿਧਾਇਕ ਦੇ ਖਾਸਮਖਾਸ ਨਵੇਂ ‘ਆਪ’ ਕਾਡਰ ਨੂੰ ਮੂੰਹ ਦੀ ਖਾਣੀ ਪਈ ਹੈ। ਅੱਜ ਦਿਨ ਚੜ੍ਹਦੇ ਸਾਰ ਯੂਨੀਅਨ ’ਚ ਪੁਲੀਸ ਦੀ ਮੌਜੂਦਗੀ ’ਚ ਵੋਟ ਵਜ਼ਨ ਜਾਂਚਣ ਤੇ ਲੰਮੀ ਸ਼ਬਦੀ ਤਲਖਕਲਾਮੀ ਮਗਰੋਂ ਨਿਰੋਲ ਅਪਰੇਟਰਾਂ ਦੀ ਸੱਤ ਮੈਂਬਰੀ ਕਮੇਟੀ ਐਲਾਨ ਦਿੱਤੀ ਗਈ। ਬੀਤੇ ਕੱਲ੍ਹ ਟਕਸਾਲੀ ‘ਆਪ’ ਕਾਡਰ ਵੱਲੋਂ ਵਿਧਾਇਕ ਖੁੱਡੀਆਂ ਦੇ ਦਰਾਂ ’ਤੇ ਧਰਨਾ ਦੇ ਕੇ ਯੂਨੀਅਨ ’ਤੇ ਜ਼ਬਰੀ ਕਬਜ਼ੇ ਅਤੇ ਕਥਿਤ ਗੁੰਡਾਪਰਚੀ ਖ਼ਿਲਾਫ਼ ਤਿੱਖਾ ਰੋਹ ਜਤਾਇਆ ਗਿਆ ਸੀ। ਕੱਲ੍ਹ ਧਰਨਾਕਾਰੀ ਨੂੰ ਮਨਾਉਂਦੇ ਵਿਧਾਇਕ ਖੁੱਡੀਆਂ ਨੇ ਯੂਨੀਅਨ ਨਾਲ ਕੋਈ ਸਬੰਧ ਨਾ ਹੋਣ ਤੇ ਅਪਰੇਟਰਾਂ ਵੱਲੋਂ ਮਰਜੀ ਨਾਲ ਕਿਸੇ ਨੂੰ ਆਪਣਾ ਪ੍ਰਧਾਨ ਚੁਣ ਲੈਣ ਦੀ ਗੱਲ ਆਖੀ ਸੀ। ਬੀਤੇ ਐਤਵਾਰ ਵਿਧਾਇਕ ਦੇ ਖਾਸਮਖਾਸ ਆਗੂਆਂ ਦੀ ਮੌਜੂਦਗੀ ’ਚ ਯੂਨੀਅਨ ’ਤੇ ‘ਆਪ’ ਆਗੂ ਦਰਸ਼ਨ ਵੜਿੰਗਖੇੜਾ ਦੀ ਚੌਧਰ ਕਾਇਮ ਕੀਤੀ ਗਈ ਸੀ। ਅੱਜ ਯੂਨੀਅਨ ਕੰਪਲੈਕਸ ਵਿੱਚ ਲੰਬੀ ਥਾਣਾ ਦੇ ਮੁਖੀ ਅਮਨਦੀਪ ਸਿੰਘ ਤੇ ਚੌਕੀ ਮੁਖੀ ਭਗਵਾਨ ਸਿੰਘ ਦੀ ਅਗਵਾਈ ਹੇਠ ਪੁਲੀਸ ਪੁੱਜੀ। ਇਸ ਮੌਕੇ ਟਕਸਾਲੀ ਆਪ ਕਾਡਰ ਦੇ ਆਗੂ ਜਸਵੀਰ ਹਾਕੂਵਾਲਾ, ਗੁਰਵੀਰ ਸਿੰਘ ਤੇ ਗੁਰਮਹਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸਮਰਥਕ ਨਵਾਂ ‘ਆਪ’ ਕਾਡਰ ਯੂਨੀਅਨ ’ਤੇ ਚੌਧਰ ਕਾਇਮ ਰੱਖਣ ਦੇ ਜੱਦੋਜਹਿਦ ਕਰਦਾ ਵਿਖਾਈ ਦਿੱਤਾ। ਜਿਸ ਤਹਿਤ ਉਨ੍ਹਾਂ ਦੀ ਟਰੱਕ ਆਪਰੇਟਰ ਆਗੂਆਂ ਨਾਲ ਤਲਖਕਲਾਮੀ ਵੀ ਹੋਈ। ਇਸੇ ਦੌਰਾਨ ਕਈ ਟਰੱਕ ਅਪਰੇਟਰ ਆਪਸ ਵਿੱਚ ਵੀ ਪੁਰਾਣੇ ਮਸਲੇ ਉਠਾਉਂਦੇ ਵਿਖਾਈ ਦਿੱਤੇ। ਜਰਨੈਲ ਸਿੰਘ ਡੱਫੂ ਤੇ ਜਗਤਾਰ ਪਥਰਾਲਾ ਆਹਮੋ ਸਾਹਮਣੇ ਡਟ ਗਏ। ਜਿਸ ’ਤੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਸਖ਼ਤ ਲਹਿਜੇ ’ਚ ਮਾਹੌਲ ਸ਼ਾਂਤਮਈ ਬਣਾਏ ਰੱਖਣ ਜਾਂ ਪੁਲੀਸ ਕਾਰਵਾਈ ਲਈ ਤਿਆਰ ਰਹਿਣ ਚਿਤਾਵਨੀ ਦੇ ਦਿੱਤੀ। ਜਿਸ ਮਗਰੋਂ ਵੋਟ ਗਿਣਤੀ ਵਜ਼ਨ ਮਾਪਣ ਸਮੇਂ ਯੂਨੀਅਨ ਅਪਰੇਟਰ ਪੌਣੇ ਚਾਰ ਗੁਣਾ ਇੱਕ ਪਾਸੇ ਖੜ੍ਹੇ ਵਿਖਾਈ ਦਿੱਤੇ।
ਇਸ ਮੌਕੇ ਯੂਨੀਅਨ ਦੇ ਕਾਫੀ ਅਪਰੇਟਰਾਂ ਨੇ ਪ੍ਰਧਾਨ ਦਰਸ਼ਨ ਸਿੰਘ ਨੂੰ ਚੰਗਾ ਇਨਸਾਨ ਦੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਦੀ ਪੰਜ ਸਾਲਾ ਪ੍ਰਧਾਨਗੀ ਨੇ ਯੂਨੀਅਨ ਲੁੱਟ ਕੇ ਖਾ ਲਈ। ਉਹ ਡਰ ਹੀ ਬਾਹਰੀ ਵਿਅਕਤੀ ’ਤੇ ਭਰੋਸਾ ਬਣਨ ਨਹੀਂ ਦੇ ਰਿਹਾ। ਇਸ ਮੌਕੇ ਸੱਤ ਮੈਂਬਰੀ ਕਮੇਟੀ ਵਿੱਚ ਹਰਦਿਆਲ ਸਿੰਘ, ਕਿਸ਼ੌਰ ਕੁਮਾਰ, ਸੱਤਪਾਲ ਸਿੰਘ ਪੰਜਾਵਾ, ਗੁਰਪ੍ਰੀਤ ਸਿੰਘ ਗੋਪੀ, ਰਾਜਪਾਲ ਸਚਦੇਵਾ, ਰਾਜਪਾਲ ਸਿੰਘ ਰਾਜਾ ਅਤੇ ਸ਼ਿਵਰਾਜ ਨੂੰ ਮੈਂਬਰ ਐਲਾਨਿਆ ਗਿਆ। ਬਾਅਦ ਵਿੱਚ ਐੱਸਡੀਐੱਮ ਮਲੋਟ ਤੋਂ ਨਵੀਂ ਸੱਤ ਕਮੇਟੀ ਕਮੇਟੀ ’ਤੇ ਮੁਹਰ ਲਗਵਾ ਕੇ ਲਿਆਂਦੀ ਗਈ।