ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਗਸਤ
ਤਰਨ ਤਾਰਨ ਤੋਂ ਬਦਲ ਕੇ ਆਏ ਧਰੁਮਨ ਐੱਚ ਨਿੰਬਲੇ ਨੇ ਅੱਜ ਮੋਗਾ ਦੇ ਐੱਸਐੱਸਪੀ ਆਹੁਦਾ ਸੰਭਾਲ ਲਿਆ ਹੈ। ਉਨ੍ਹਾਂ ਹਰਮਨਬੀਰ ਸਿੰਘ ਗਿੱਲ ਦੀ ਥਾਂ ਲਈ ਹੈ। ਨਵੇਂ ਜ਼ਿਲ੍ਹਾ ਪੁਲੀਸ ਮੁਖੀ ਵਰ੍ਹਦੇ ਮੀਂਹ ਵਿੱਚ ਜ਼ਿਲ੍ਹਾ ਸਕੱਤਰੇਤ ਪੁੱਜੇ, ਜਿਥੇ ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਧਰੁਮਨ ਐੱਚ ਨਿੰਬਲੇ ਨੇ ਅਹੁਦਾ ਸੰਭਾਲਦੇ ਹੀ ਜਗਤਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਦੋਵੇਂ ਐੱਸਪੀ ਅਤੇ ਸਬ ਡਿਵੀਜ਼ਨ ਤੇ ਜ਼ਿਲ੍ਹਾ ਦਫ਼ਤਰ ਵਿਖੇ ਤਾਇਨਾਤ ਡੀਐੱਸਪੀਜ਼ ਤੋਂ ਇਲਾਵਾ ਥਾਣਾ ਮੁਖੀਆਂ ਤੇ ਦਫ਼ਤਰੀ ਬਰਾਂਚ ਇੰਚਾਰਜ਼ਾਂ ਨਾਲ ਮੀਟਿੰਗ ਕਰਕੇ ਮੁੱਢਲੀ ਜਾਣ ਪਛਾਣ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਨਾ ਹੀ ਨਸ਼ਾ ਤਸਰਕਾਂ ਨੂੰ ਬਖ਼ਿਆ ਜਾਵੇਗਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵਨਿਯੁਕਤ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਆਪਣਾ ਆਹੁਦਾ ਸੰਭਾਲਦਿਆਂ ਗਜ਼ਟਿਡ ਅਫਸਰਾਂ ਨਾਲ ਪਲੇਠੀ ਮੀਟਿੰਗ ਕੀਤੀ। ਉਨ੍ਹਾ ਆਖਿਆ ਕਿ ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਰਹੇਗੀ ਅਤੇ ਸਮਾਜ ਦੇ ਸਹਿਯੋਗ ਨਾਲ ਇਸ ਬੁਰਾਈ ਨੂੰ ਖਤਮ ਕੀਤਾ ਜਾਵੇਗਾ।