ਰਵਿੰਦਰ ਰਵੀ
ਬਰਨਾਲਾ 5 ਮਈ
ਨਗਰ ਕੌਂਸਲ ਬਰਨਾਲਾ ਦੇ ਨਵੇਂ ਕੌਂਸਲਰਾਂ ਅਤੇ ਨਵੇਂ ਪ੍ਰਧਾਨ ਦੀ ਅੱਜ ਪਲੇਠੀ ਮੀਟਿੰਗ ਹੋਈ, ਜਿਸ ਵਿੱਚ ਸਾਰੇ ਕੌਂਸਲਰਾਂ ਨੇ ਕਰੋਨਾਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕੀਤੀ। ਇਸ ਮੀਟਿੰਗ ਵਿੱਚ ਜਿੱਥੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਗਈਆਂ, ਉਥੇ ਬਹੁ ਗਿਣਤੀ ਕੌਂਸਲਰਾਂ ਨੇ ਮਾਸਕ ਨਹੀਂ ਪਾਏ ਹੋਏ ਸਨ। ਇਸ ਤੋਂ ਇਲਾਵਾ ਮੀਟਿੰਗ ਵਿੱਚ ਨਿਯਮਾਂ ਤੋਂ ਉਲਟ ਕਈ ਕੌਂਸਲਰਾਂ ਦੇ ਪਤੀ ਅਤੇ ਲੜਕੇ ਵੀ ਸ਼ਾਮਲ ਸਨ। ਨਿਯਮਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਸਾਰੇ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦਾ ਮੀਟਿੰਗ ’ਚ ਸ਼ਾਮਲ ਹੋਣਾ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮੀਟਿੰਗ ਵਿੱਚ ਹਾਊਸ ਵਲੋਂ ਕਈ ਮਤੇ ਵੀ ਪਾਸ ਕੀਤੇ ਗਏ, ਪਰ ਨਗਰ ਕੌਂਸਲ ਦੇ ਪ੍ਰਧਾਨ ਲਈ ਇਨੋਵਾ ਗੱਡੀ ਦੇ ਮਤੇ ’ਤੇ ਬਹੁ ਗਿਣਤੀ ਕੌਂਸਲਰਾਂ ਨੇ ਵਿਰੋਧ ਕੀਤਾ, ਜਿਸ ਕਰਕੇ ਇਹ ਮਤਾ ਅੱਧ ਵਿਚਕਾਰ ਹੀ ਲਟਕ ਗਿਆ। ਮੀਟਿੰਗ ’ਚ ਪਹਿਲੇ ਤਹਿਤ ਮੀਟਿੰਗ ਹਾਲ ਦੀ ਉਸਾਰੀ ਕਰਨ ਸਬੰਧੀ 19.22 ਲੱਖ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ। ਦੂਸਰਾ ਮਤੇ ਵਿੱਚ 2 ਲੱਖ 64 ਹਜ਼ਾਰ ਦੇ ਖਰਚੇ ਤਹਿਤ 5 ਕੰਪਿਊਟਰ, 2 ਪ੍ਰਿੰਟਰ ਸਣੇ ਸਕੈਨਰ ਤੇ 2 ਪ੍ਰਿਟਰ ਦੀ ਖ਼ਰੀਦ ਲਈ ਪ੍ਰਵਾਨਗੀ ਹੋਈ।
ਤੀਜਾ ਮਤਾ ਅਖ਼ਬਾਰਾਂ ਦੇ ਬਿੱਲ ਤੇ ਚੌਥਾ ਮਤਾ ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰ ’ਚ ਜਨਤਕ ਪਖਾਨੇ ਬਣਾਉਣ ਸਬੰਧੀ ਪ੍ਰਵਾਨ ਹੋਈਆ। 5ਵਾਂ ਮਤਾ ਪ੍ਰਾਪਰਟੀ ਟੈਕਸ ਸਬੰਧੀ ਸਰਵੇਅ ਤੇ ਪ੍ਰਾਪਰਟੀ ਯੂਨਿਟਾਂ ’ਤੇ ਨੰਬਰ ਪਲੇਟਾਂ ਲਗਵਾਉਣ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਛੇਵੇਂ ਮਤੇ ’ਚ ਓਮ ਪ੍ਰਕਾਸ਼ ਸਫ਼ਾਈ ਸੇਵਕ ਡਰਾਈਵਰ ਨੂੰ ਡਿਊਟੀ ’ਤੇ ਬਹਾਲ ਕਰਨ ਸਬੰਧੀ ਮਤਾ ਪ੍ਰਵਾਨ ਹੋਇਆ। ਨੌਵੇਂ ਮਤੇ ’ਚ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਤਹਿਤ ਬਰਨਾਲਾ ਸ਼ਹਿਰ ਵਿੱਚ ਬਣੇ ਸ਼ਹੀਦ ਭਗਤ ਸਿੰਘ ਪਾਰਕ ਦੀ ਮਲਕੀਅਤ ਨਗਰ ਕੌਂਸਲ ਦੇ ਬਰਨਾਲਾ ਦੇ ਨਾਂ ਕਰਨ ਸਬੰਧੀ ਪ੍ਰਵਾਨ ਕੀਤਾ ਗਿਆ।