ਲਖਵੀਰ ਸਿੰਘ ਚੀਮਾ
ਟੱਲੇਵਾਲ, 4 ਮਾਰਚ
ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਸ਼ੁਰੂ ਹੋਈ ਪੰਜਾਬ ਸਰਕਾਰ ਵੱਲੋਂ ‘ਆਸ਼ੀਰਵਾਦ’ ਦੇ ਨਾਂ ਹੇਠ ਸ਼ਗਨ ਸਕੀਮ ਸ਼ੁਰੂ ਕੀਤੀ ਗਈ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਾਂਗਰਸ ਸਰਕਾਰ ਨੇ ਭਾਵੇਂ ਇਹ ਸਕੀਮ 2017 ਚੋਣਾਂ ਸਮੇਂ 51 ਹਜ਼ਾਰ ਕਰਨ ਦਾ ਵਾਅਦਾ ਕੀਤਾ ਸੀ, ਪਰ ਗਰੀਬ ਵਰਗ ਨੂੰ ਇਹ ਰਾਸ਼ੀ 21 ਹਜ਼ਾਰ ਵੀ ਨਹੀਂ ਮਿਲ ਰਿਹਾ। ਗਰੀਬ ਪਰਿਵਾਰ ਸ਼ਗਨ ਰਾਸ਼ੀ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟ ਕੇ ਹੰਭ ਚੁੱਕੇ ਹਨ। ਪਰ ਇਸਦੇ ਬਾਵਜੂਦ ਲਾਭਪਾਤਰੀ ਪਰਿਵਾਰਾਂ ਨੂੰ ਮੌਜੂਦਾ ਬਜਟ ਤੋਂ ਉਮੀਦ ਦਿਖਾਈ ਦੇ ਰਹੀ ਹੈ। ਪਿੰਡ ਰਾਮਗੜ੍ਹ ਦੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਕਮਲਪ੍ਰੀਤ ਕੌਰ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੋਇਆ ਸੀ। ਪਰ ਸਰਕਾਰ ਵੱਲੋਂ ਇੱਕ ਵਰ੍ਹਾ ਬੀਤ ਜਾਣ ’ਤੇ ਵੀ ਸ਼ਗਨ ਰਾਸ਼ੀ ਨਹੀਂ ਮਿਲ ਸਕੀ। ਪਿੰਡ ਚੀਮਾ ਦੇ ਕੇਵਲ ਸਿੰਘ ਨੇ ਦੱਸਿਆ ਕਿ ਉਸਦੀ ਧੀ ਰਾਜਪਾਲ ਕੌਰ ਦਾ ਵਿਆਹ ਮਾਰਚ 2020 ’ਚ ਹੋਇਆ ਸੀ ਅਤੇ ਸ਼ਗਨ ਰਾਸ਼ੀ ਦਾ ਇੰਤਜ਼ਾਰ ਕਰ ਰਹੇ ਹਨ। ਪਿੰਡ ਰਾਏਸਰ ਦੀ ਨਵਪ੍ਰੀਤ ਕੌਰ ਦਾ ਵਿਆਹ ਮਈ 2020 ਨੂੰ ਹੋਇਆ ਸੀ। ਉਸਦੇ ਪਿਤਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਇਹ ਰਾਸ਼ੀ ਭਾਵੇਂ ਘੱਟ ਮਿਲੇ, ਪਰ ਜਲਦੀ ਮਿਲਣੀ ਚਾਹੀਦੀ ਹੈ।
ਸਰਕਾਰੀ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਗਨ ਸਕੀਮ ਦਾ ਲਾਭ ਲੈਣ ਲਈ ਜ਼ਿਲਾ ਬਰਨਾਲਾ ਵਿੱਚ 2017-18 ਦੌਰਾਨ 1089 ਅਰਜ਼ੀਆਂ ਜ਼ਿਲਾ ਭਲਾਈ ਵਿਭਾਗ ਨੂੰ ਮਿਲੀਆਂ ਸਨ। ਜਦੋਂਕਿ 2018-19 ਦੌਰਾਨ 1121, 2019-20 ਵਿੱਚ 1103 ਅਤੇ 2020-21 ਜਨਵਰੀ ਤੱਕ 737 ਅਰਜ਼ੀਆਂ ਲਾਭਪਾਤਰੀਆਂ ਵਲੋਂ ਸ਼ਗਨ ਸਕੀਮ ਲੈਣ ਲਈ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਭਲਾਈ ਵਿਭਾਗ ਦੇ ਅਧਿਕਾਰੀ ਸੁਨੀਤਾ ਰਾਣੀ ਨੇ ਦਾਅਵਾ ਕੀਤਾ ਕਿ 2017 ਤੋਂ ਹੁਣ ਤੱਕ ਦੀਆਂ ਮਿਲੀਆਂ ਅਰਜ਼ੀਆਂ ਵਿੱਚੋਂ ਸਿਰਫ਼ 63 ਅਰਜ਼ੀਆਂ ਦੇ ਸ਼ਗਨ ਸਕੀਮ ਦੇ ਪੈਸੇ ਪੈਂਡਿੰਗ ਰਹਿੰਦੇ ਹਨ। ਜਦੋਂਕਿ ਬਾਕੀਆਂ ਨੂੰ ਸ਼ਗਨ ਸਕੀਮ ਦੀ ਰਾਸ਼ੀ ਮਿਲ ਚੁੱਕੀ ਹੈ। ਜੁਲਾਈ 2017 ਤੋਂ ਪਹਿਲਾਂ ਸ਼ਗਨ ਸਕੀਮ ਦੇ 15 ਹਜ਼ਾਰ ਰੁਪਏ ਅਤੇ ਬਾਅਦ ਵਿੱਚ ਇਹ ਰਾਸ਼ੀ 21 ਹਜ਼ਾਰ ਦਿੱਤੀ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਿਭਾਗ ਵੱਲੋਂ ਅਰਜ਼ੀਆਂ ਦੀ ਸਿਰਫ਼ ਸਿਫ਼ਾਰਸ ਕੀਤੀ ਜਾਂਦੀ ਹੈ, ਪਰ ਇਸਦੀ ਪੇਮੈਂਟ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਖਾਤਿਆਂ ਤੋਂ ਹੀ ਪਾਈ ਜਾਂਦੀ ਹੈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਮੱਖਣ ਰਾਮਗੜ੍ਹ ਨੇ ਕਿਹਾ ਕਿ ਕਾਂਗਰਸ ਸ਼ਗਨ ਸਕੀਮ ਦੇਣ ਤੋਂ ਵੀ ਭੱਜੀ ਹੈ। ਸਰਕਾਰ ਨੇ 51 ਹਜ਼ਾਰ ਤਾਂ ਕੀ ਦੇਣਾ ਸੀ, ਬਲਕਿ ਲਾਭਪਾਤਰੀਆਂ ਨੂੰ 21 ਹਜ਼ਾਰ ਵੀ ਨਹੀਂ ਮਿਲ ਰਿਹਾ।