ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਜੂਨ
ਮੁਸਲਿਮ ਇੰਤਜ਼ਾਮੀਆਂ ਕਮੇਟੀ ਜਾਮਾ ਮਸਜਿਦ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਵੱਲੋਂ ਹਜ਼ਰਤ ਮੁਹੰਮਦ ਦੀ ਸ਼ਾਨ ਦੇ ਖਿਲਾਫ ਕੁਫਰ ਤੋਲਣ ਵਾਲੇ ਭਾਜਪਾ ਆਗੂ ਨੁਪੂਰ ਸ਼ਰਮਾ ਤੇ ਨਵੀਨ ਜਿੰਦਲ ਦੀ ਗਿ੍ਫਤਾਰੀ ਦੀ ਮੰਗ ਕੀਤੀ ਹੈ| ਕਮੇਟੀ ਦੇ ਆਗੂ ਚੇਅਰਮੈਨ ਹਾਜੀ ਮੁਹੰਮਤ ਅਸ਼ਰਫ, ਡਾ. ਸਈਅਦ ਮੁਹੰਮਦ ਸਈਅਦ ਨੇਤਾ, ਕਾਸਿਮ ਅਲੀ, ਹਾਫਿਜ਼ ਮੁਹੰਮਦ, ਅਕਬਰ ਅਲੀ ਹੋਰਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਪਰਪਤੀ ਨੂੰ ਮੰਗ ਪੱਤਰ ਭੇਜਦਿਆਂ ਕਿਹਾ ਕਿ ਭਾਜਪਾ ਆਗੂਆਂ ਨੇ ਜਾਣਬੁੱਝ ਕੇ ਉਨ੍ਹਾਂ ਦੇ ਮਨਾਂ ਨੂੰ ਦੁੱਖ ਪਹੁੰਚਾਇਆ ਹੈ| ਉਨ੍ਹਾਂ ਕਿਹਾ ਕਿ ਭਾਜਪਾ ਨੇ ਇਨ੍ਹਾਂ ਆਗੂਆਂ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ|
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਪੈਗੰਬਰ ਮੁਹੰਮਦ ਸਾਹਿਬ ਖ਼ਿਲਾਫ਼ ਕਥਿੱਤ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਭਾਜਪਾ ਦੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਅਤੇ ਦਿੱਲੀ ਦੇ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਮੁੁਸਲਮਾਨ ਭਾਈਚਾਰੇ ਦੇ ਲੋਕ ਪਹਿਲਾਂ ਮਸਜਿਦ ਵਿਖੇ ਮੌਲਾਨਾ ਫੈਜ਼ ਅਸਰਫ਼ੀ, ਮੌਲਾਨਾ ਉਸਮਾਨ ਤਲਵੰਡੀ ਸਾਬੋ ਅਤੇ ਮੌਲਾਨਾ ਉਸਮਾਨ ਸਿੰਗੋ ਦੀ ਅਗਵਾਈ ਵਿੱਚ ਇਕੱਠੇ ਹੋਏ ਅਤੇ ਫਿਰ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕਰਦੇ ਹੋਏ ਸਥਾਨਕ ਨਿਸ਼ਾਨ ਏ ਖਾਲਸਾ ਚੌਕ ਵਿੱਚ ਪਹੁੰਚੇ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਮੁਸਲਿਮ ਸਮਾਜ ਸੁਧਾਰ ਕਮੇਟੀ ਦੀ ਅਗਵਾਈ ਹੇਠ ਇਲਾਕੇ ਦੇ ਮੁਸਲਿਮ ਭਾਈਚਾਰੇ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਭਾਜਪਾ ਦੇ ਸਾਬਕਾ ਆਗੂਆਂ ਨੁਪੂਰ ਸ਼ਰਮਾ ਤੇ ਨਵੀਨ ਜਿੰਦਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਖ਼ਿਲਾਫ਼ ਭਗਤਾ ਭਾਈ ਦੇ ਮੁੱਖ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਜਾਮਾ ਮਸਜਿਦ ਭਗਤਾ ਭਾਈ ਤੋਂ ਮੁੱਖ ਚੌਕ ਤੱਕ ਬਾਜ਼ਾਰ ਵਿੱਚ ਰੋਸ ਮਾਰਚ ਕੀਤਾ ਗਿਆ। ਸੁਧਾਰ ਕਮੇਟੀ ਭਗਤਾ ਦੇ ਪ੍ਰਧਾਨ ਬਾਗ਼ ਅਲੀ ਫੌਜੀ ਤੇ ਡਾ. ਸੋਮ ਖ਼ਾਨ ਕੋਠਾਗੁਰੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਦਿੱਤੀ ਹੈ। ਮੁਸਲਿਮ ਭਾਈਚਾਰੇ ਵੱਲੋਂ ਨਾਇਬ ਤਹਿਸੀਲਦਾਰ ਭਗਤਾ ਭਾਈ ਹਮੀਸ ਕੁਮਾਰ ਗਰਗ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਮੁਜ਼ਾਹਰਾਕਾਰੀਆਂ ਨੇ ਉਕਤ ਆਗੂਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਾਬਰ ਖ਼ਾਨ, ਸ਼ਰੀਫ਼ ਖ਼ਾਨ, ਡਾ. ਰੂਪ ਖ਼ਾਨ, ਡਾ ਸਲੀਮ ਖ਼ਾਨ, ਦਰਸ਼ਨ ਖ਼ਾਨ, ਅਸਰਫ਼ ਤੇ ਮੁਹੰਮਦ ਸੈਰਫ ਹਾਜ਼ਰ ਸਨ।