ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਜੁਲਾਈ
ਇੱਥੋਂ ਨੇੜਲੇ ਪਿੰਡ ਰੁਪਾਣਾ ਵਿੱਚ ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਬਜ਼ਰੁਗ ਔਰਤ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਹੀ ਜਵਾਈ ’ਤੇ ਕਤਲ ਕੀਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ। ਉਧਰ, ਪੁਲੀਸ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਕੱਤਰ ਜਾਣਕਾਰੀ ਅਨੁਸਾਰ ਬਜ਼ਰੁਗ ਪਿਆਰੋ ਕੌਰ ਘਰ ’ਚ ਇਕੱਲੀ ਸੀ ਜਦੋਂਕਿ ਉਸਦਾ ਪਤੀ ਬਲਵੀਰ ਸਿੰਘ ਤੇ ਉਸਦਾ ਬੇਟਾ ਸੁਖਵੰਤ ਸਿੰਘ ਜੋ ਮਜ਼ਦੂਰੀ ਕਰਦੇ ਹਨ, ਕੰਮ ’ਤੇ ਗਏ ਹੋਏ ਸੀ।
ਕਰੀਬ 11 ਵਜੇ ਪਿਆਰੋ ਦਾ ਜਵਾਈ ਜਗਵੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਧੇਹ ਕਲਾਂ (ਫਾਜ਼ਿਲਕਾ) ਉਨ੍ਹਾਂ ਦੇ ਘਰ ਆਇਆ ਤੇ ਘਰ ’ਚ ਇਕੱਲੀ ਦੇਖ ਕੇ ਸੱਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕਾ ਦੇ ਬੇਟੇ ਸੁਖਵੰਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਾਰੇ ਘਰ ਦੇ ਪਰਿਵਾਰਕ ਜੀਅ ਆਪਣੇ ਕੰਮ ਕਾਰ ’ਤੇ ਚਲੇ ਗਏ ਤਾਂ ਤਕਰੀਬਨ 11 ਵਜੇ ਛੋਟਾ ਜਵਾਈ ਜਗਵੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਧੇਹ ਕਲਾਂ (ਫਾਜ਼ਿਲਕਾ) ਘਰ ਵਿੱਚ ਆਪਣੀ ਬਜ਼ੁਰਗ ਸੱਸ ਨੂੰ ਇਕੱਲੀ ਦੇਖ ਕੇ ਘਰ ਅੰਦਰ ਦਾਖਲ ਹੋ ਗਿਆ ਅਤੇ ਘਰ ਅੰਦਰ ਦਾਖਲ ਹੋ ਕੇ ਦਰਵਾਜ਼ੇ ਅਤੇ ਪੇਟੀ ਨੂੰ ਲੱਗੇ ਜਿੰਦਰੇ ਤੋੜੇ ਅਤੇ ਜਿਸਤੋਂ ਬਾਅਦ ਕੁਝ ਨਾ ਮਿਲਣ ’ਤੇ ਆਪਣੀ ਸੱਸ ਪਿਆਰੋ ਦੀ ਧੌਣ ’ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਮਾਰ ਦਿੱਤਾ ਅਤੇ ਕਮਰੇ ਅੰਦਰ ਹੀ ਲਾਸ਼ ਨੂੰ ਸੁੱਟ ਦਿੱਤਾ ਤੇ ਅੰਦਰ ਪਏ ਕੱਪੜਿਆਂ ਨਾਲ ਢੱਕ ਦਿੱਤਾ। ਉਸਨੇ ਦੱਸਿਆ ਕਿ ਜਦੋਂ ਊਹ ਤਕਰੀਬਨ ਸ਼ਾਮ 4 ਵਜੇ ਘਰ ਆਏ ਤਾਂ ਘਰ ’ਚ ਮਾਤਾ ਨਾ ਹੋਣ ਕਰਕੇ ਉਸ ਦੀ ਭਾਲ ਕਰਨ ਲੱਗੇ ਤਾਂ ਅਚਾਨਕ ਅੰਦਰ ਦੇਖਿਆ ਤਾਂ ਉਥੇ ਮ੍ਰਿਤਕ ਹਾਲਤ ’ਚ ਮਾਤਾ ਪਿਆਰੋ ਕੌਰ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ।
ਉਧਰ, ਥਾਣਾ ਸਦਰ ਮੁਕਤਸਰ ਦੇ ਇੰਚਾਰਜ ਜਗਸੀਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਾਮਲਾ ਦਰਜਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕੋਟਲਾ ਬਰਾਂਚ ਨਹਿਰ ਵਿੱਚੋਂ ਅਣਪਛਾਤੀ ਲਾਸ਼ ਮਿਲੀ
ਤਲਵੰਡੀ ਸਾਬੋ (ਪੱਤਰ ਪ੍ਰੇਰਕ) ਪਿੰਡ ਨੱਤ ਕੋਲੋਂ ਦੀ ਲੰਘਦੀ ਕੋਟਲਾ ਬਰਾਂਚ ਨਹਿਰ ਵਿੱਚੋਂ ਅੱਜ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੱਤ ਕੋਲੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿੱਚ ਅੱਜ ਪਿੰਡ ਵਾਸੀਆਂ ਨੇ ਇੱਕ ਅਣਪਛਾਤੇ ਵਿਅਕਤੀ ਦੀ ਤੈਰਦੀ ਲਾਸ਼ ਦੇਖੀ। ਜਿਸਦੀ ਸੂਚਨਾ ਉਨ੍ਹਾਂ ਤਲਵੰਡੀ ਸਾਬੋ ਪੁਲੀਸ ਨੂੰ ਦਿੱਤੀ। ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਏਐੱਸਆਈ ਲਛਮਣ ਸਿੰਘ ਨੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰਾਂ ਦੀ ਮੱਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਕਢਵਾ ਕੇ ਸਿਵਲ ਹਸਪਤਾਲ ਦੇ ਮੁਰਦਾਘਾਟ ਵਿੱਚ ਸਨਾਖ਼ਤ ਵਾਸਤੇ 72 ਘੰਟੇ ਲਈ ਰੱਖਵਾ ਦਿੱਤਾ ਹੈ।