ਪੱਤਰ ਪ੍ਰੇਰਕ
ਅਬੋਹਰ/ਬੱਲੂਆਣਾ, 15 ਸਤੰਬਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੰਚਾਇਤ ਵਿਭਾਗ ਨਾਲ ਮਿਲ ਕੇ 15 ਸਤੰਬਰ ਤੋਂ 2 ਅਕਤੂਬਰ ਤੱਕ ਚੱਲਣ ਵਾਲੀ ਸਵੱਛਤਾ ਹੀ ਸੇਵਾ ਮੁਹਿੰਮ ਦਾ ਆਗਾਜ਼ ਅੱਜ ਬੱਲੂਆਣਾ ਹਲਕੇ ਦੇ ਪਿੰਡ ਭਾਗੂ ਅਤੇ ਭਾਗਸਰ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਵੱਲੋਂ ਕੀਤਾ ਗਿਆ।
ਇਸ ਦੌਰਾਨ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਤੇ ਪਿੰਡਾਂ ਵਿਚ ਸਾਫ ਸਫਾਈ ਰੱਖਣ ਲਈ ਸਵੱਛਤਾ ਹੀ ਸੇਵਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਤਰਲ ਅਤੇ ਠੋਸ ਕੂੜਾ ਪ੍ਰਬੰਧਨ ਲਈ ਵੀ ਪੰਚਾਇਤੀ ਪੱਧਰ ’ਤੇ ਚਲਾਏ ਜਾਣ ਵਾਲੇ ਪ੍ਰਾਜੈਕਟ ਹਨ। ਸ੍ਰੀ ਗੋਲਡੀ ਨੇ ਕਿਹਾ ਕਿ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਪਿੰਡ ਪੱਤਰੇਵਾਲਾ ਵਿੱਚ 500 ਕਰੋੜ ਤੋਂ ਵੱਧ ਦੀ ਕੀਮਤ ਵਾਲਾ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਬੱਲੂਆਣਾ ਹਲਕੇ ਦੇ ਸਾਰੇ ਪਿੰਡਾਂ ਸਮੇਤ ਜ਼ਿਲ੍ਹੇ ਦੇ ਇੱਕ ਸੌ ਬਾਈ ਪਿੰਡਾਂ ਤੇ ਪੰਦਰਾਂ ਢਾਹਣੀਆਂ ਨੂੰ ਸਾਫ਼ ਸੁਥਰਾ ਪੀਣ ਲਈ ਨਹਿਰੀ ਪਾਣੀ ਉਪਲੱਬਧ ਕਰਵਾਇਆ ਜਾਵੇਗਾ।