ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 18 ਮਈ
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਮਿਸ਼ਨ ਤਹਿਤ ਬਲਾਕ ਫ਼ਰੀਦਕੋਟ ਦੇ ਪਿੰਡ ਅਰਾਈਆਂਵਾਲਾ ਕਲਾਂ ਵਿੱਚ ਵਿਸ਼ੇਸ਼ ਸਮਾਗਮ ਹੋਇਆ। ਇਸ ਵਿੱਚ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਖੇਤੀਬਾੜੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਖੁਦ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਧਰਤੀ ਹੇਠਲੇ ਪਾਣੀ ਅਤੇ ਮਜ਼ਦੂਰੀ ਦਾ ਖਰਚਾ ਘਟਾਉਣ ਅਤੇ ਇਸ ਦਾ ਵੱਧ ਤੋਂ ਵੱਧ ਝਾੜ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਰ ਮਸਲੇ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਸ਼ਹਿਣਾ (ਪੱਤਰ ਪ੍ਰੇਰਕ): ਇਥੇ ਬਲਾਕ ਪੱਧਰੀ ਕੈਂਪ ਲਾਇਆ ਗਿਆ, ਜਿਸ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦੇ ਦੱਸੇ।
ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਆ
ਭਗਤਾ ਭਾਈ (ਪੱਤਰ ਪ੍ਰੇਰਕ): ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਝੋਨੇ ਦੀ ਰਵਾਇਤੀ ਕੱਦੂ ਵਾਲੀ ਕਾਸ਼ਤ ਨੂੰ ਛੱਡ ਕੇ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਕੋਠਾ ਗੁਰੂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਦੱਸਿਆ ਕਿ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਆਮ ਝੋਨੇ ਨਾਲੋਂ ਪਾਣੀ ਦੀ 15-20 ਫੀਸਦੀ ਬੱਚਤ ਹੁੰਦੀ ਹੈ, ਉਥੇ ਕਿਸਾਨਾਂ ਦਾ ਤਕਰੀਬਨ 7 ਹਜ਼ਾਰ ਰੁਪਏ ਖਰਚਾ ਵੀ ਘੱਟ ਹੁੰਦਾ ਹੈ। ਉਨ੍ਹਾਂ ਸਿੱਧੀ ਬਿਜਾਈ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਾਲੀ ਸਹਾਇਤਾ ਬਾਰੇ ਵੀ ਦੱਸਿਆ।
ਖੇਤੀਬਾੜੀ ਵਿਭਾਗ ਝੋਨੇ ਦੀ ਸਿੱਧੀ ਬਿਜਾਈ ਲਈ ਪੱਬਾਂ ਭਾਰ
ਮੰਡੀ ਘੁਬਾਇਆ ( ਪੱਤਰ ਪ੍ਰੇਰਕ): ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਖੇਤੀਬਾੜੀ ਅਫ਼ਸਰ ਹਰਪ੍ਰੀਤਪਾਲ ਕੌਰ ਦੀ ਦੇਖ-ਰੇਖ ਵਿੱਚ ਜਲਾਲਾਬਾਦ ਦੇ ਨੇੜਲੇ ਪਿੰਡ ਜੰਡ ਵਾਲਾ ਅਤੇ ਛੱਪੜੀ ਵਾਲਾ ਵਿੱਚ ਕੈਂਪ ਲਗਾਏ ਗਏ। ਪਿੰਡ ਛੱਪੜੀ ਵਾਲੇ ਵਿੱਚ ਕੈਂਪ ਦੀ ਅਗਵਾਈ ਕਰ ਰਹੇ ਜਰਮਨਜੀਤ ਸਿੰਘ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਸਮੇਂ ਹੋਣ ਵਾਲੇ ਵਾਧੂ ਖਰਚੇ ਤੋਂ ਬਚਣ ਲਈ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।