ਜਸਵੰਤ ਜੱਸ
ਫਰੀਦਕੋਟ, 9 ਅਕਤੂਬਰ
ਇੱਥੋਂ ਦੇ ਮਿਨੀ ਸਕੱਤਰੇਤ ਵਿੱਚ ਆਉਣ ਵਾਲੇ ਨਾਗਰਿਕਾਂ ਦੀ ਸਹੂਲਤ ਲਈ ਅੱਠ ਲੱਖ ਰੁਪਏ ਤੋਂ ਵੱਧ ਦੇ ਸਰਕਾਰੀ ਫੰਡ ਖਰਚ ਕੇ ਤਿਆਰ ਕੀਤਾ ਗਿਆ ਵਿਸ਼ਾਲ ਪਾਰਕ ਹੁਣ ਅਵਾਰਾ ਪਸ਼ੂਆਂ ਲਈ ਚਰਾਂਦ ਸਾਬਤ ਹੋ ਰਿਹਾ ਹੈ। ਇਹ ਪਾਰਕ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਮਹਿਜ਼ 20 ਗਜ਼ ਦੀ ਦੂਰੀ ’ਤੇ ਹੈ ਅਤੇ ਜ਼ਿਲ੍ਹੇ ਦੇ ਸਾਰੇ ਵੱਡੇ ਅਧਿਕਾਰੀਆਂ ਦੇ ਦਫ਼ਤਰ ਇਸ ਪਾਰਕ ਦੇ ਸਾਹਮਣੇ ਹਨ। ਬਾਵਜੂਦ ਇਸ ਦੇ, ਇਸ ਪਾਰਕ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕੂੜੇ-ਕਰਕਟ ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਕਰਕੇ ਆਮ ਨਾਗਰਿਕ ਇਸ ਪਾਰਕ ਵਿੱਚ ਆਉਣ ਤੋਂ ਗੁਰੇਜ਼ ਕਰਦੇ ਹਨ। ਇਸ ਪਾਰਕ ਵਿੱਚ ਪ੍ਰਸ਼ਾਸਨ ਨੇ ਮਹਿੰਗੇ ਰੁੱਖ, ਫੁੱਲ ਅਤੇ ਸਜ਼ਾਵਟੀ ਬੂਟੇ ਲਵਾਏ ਸਨ ਪਰੰਤੂ ਅਵਾਰਾ ਪਸ਼ੂਆਂ ਦੀ ਬੇਰੋਕ ਆਵਾਜਾਈ ਅਤੇ ਸਾਫ਼ ਸਫ਼ਾਈ ਤੇ ਸਾਂਭ ਸੰਭਾਲ ਦੀ ਘਾਟ ਕਾਰਨ ਇਹ ਫੁੱਲ ਬੂਟੇ ਉੱਜੜ ਗਏ ਹਨ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟ ਅਜ਼ਾਦੀ ਕਾ ਮਹਾਂਉਤਸਵ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਸਾਫ਼ ਸਫ਼ਾਈ, ਸੁੰਦਰਤਾ ਅਤੇ ਪਾਰਕ ਸਥਾਪਿਤ ਕਰਨ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ ਪਰੰਤੂ ਪਹਿਲਾਂ ਸਥਾਪਤ ਪਾਰਕਾਂ ਤੇ ਜੰਗਲਾਂ ਦੀ ਸੰਭਾਲ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ। ਪ੍ਰਸ਼ਾਸਨ ਜਿਲ੍ਹੇ ਦਾ 50ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਅਤੇ ਇਸ ਨੂੰ ਯਾਦਗਾਰੀ ਬਣਾਉਣ ਲਈ ਜ਼ਿਲ੍ਹੇ ਵਿੱਚ 50 ਮਿਨੀ ਜੰਗਲ ਸਥਾਪਿਤ ਕਰਨ ਦਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਵਾਤਾਵਰਣ ਪ੍ਰੇਮੀ ਸੰਸਥਾਵਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ।
ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਯਤਨਸ਼ੀਲ: ਵਿਧਾਇਕ
ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਰਕਾਂ ਦੀ ਤੁਰੰਤ ਸਾਫ਼ ਸਫਾਈ ਤੇ ਸੰਭਾਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਸ਼ਹਿਰ ਵਿੱਚ ਇੱਕ ਦਰਜਨ ਦੇ ਕਰੀਬ ਵੱਡੇ ਪਾਰਕ ਹਨ ਜਿਨ੍ਹਾਂ ਦੀ ਲੋੜੀਂਦੀ ਸਾਫ ਸਫਾਈ ਹੋਣੀ ਲਾਜ਼ਮੀ ਹੈ। ਵਿਧਾਇਕ ਸੇਖੋਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਲਈ ਉਹ ਯਤਨਸ਼ੀਲ ਹਨ।