ਪਵਨ ਗੋਇਲ
ਭੁੱਚੋ ਮੰਡੀ, 12 ਸਤੰਬਰ
ਪਿੰਡ ਤੁੰਗਵਾਲੀ ਵਿੱਚ ਭੁੱਚੋ ਮੰਡੀ ਸੜਕ ’ਤੇ ਨਵੀਂ ਬਣ ਰਹੀ ਰਾਈਸ ਮਿੱਲ ਦੇ ਮਾਲਕ ਨੇ ਵਣ ਵਿਭਾਗ ਦੀ ਮਨਜ਼ੂਰੀ ਲਏ ਬਿਨਾਂ ਸੜਕ ਕਿਨਾਰੇ ਖੜ੍ਹੇ ਹਰੇ-ਭਰੇ ਦਰੱਖਤ ਕਟਵਾ ਦਿੱਤੇ ਅਤੇ ਲੱਕੜ ਖੁਰਦ-ਬੁਰਦ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਪਿੰਡ ਇਕਾਈ ਦੇ ਪ੍ਰਧਾਨ ਬਲਵੀਰ ਸਿੰਘ ਨੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਤਾਂ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਜਾਂਚ ਮਗਰੋਂ ਲੱਕੜ ਦੇ ਨੁਕਸਾਨ ਦੀ ਭਰਪਾਈ ਵਜੋਂ ਰਾਈਸ ਮਿੱਲਰ ਕੋਲੋਂ 1.12 ਲੱਖ ਰੁਪਏ ਵਸੂਲੇ।
ਵਣ ਵਿਭਾਗ ਦੇ ਬਲਾਕ ਅਫਸਰ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਿੰਡ ਤੁੰਗਵਾਲੀ ਪਹੁੰਚੇ ਤਾਂ ਦੋ ਵਿਅਕਤੀ ਕੱਟੀ ਹੋਈ ਲੱਕੜ ਲੈ ਕੇ ਰਫੂਚੱਕਰ ਹੋ ਗਏ ਅਤੇ ਕੁੱਝ ਕੱਟੇ ਹੋਏ ਦਰੱਖਤ ਸ੍ਰੀ ਸ਼ਾਮ ਰਾਈਸ ਮਿੱਲ ਅੱਗੇ ਪਏ ਹੋਏ ਸਨ। ਉਨ੍ਹਾਂ ਜਦੋਂ ਮਿੱਲ ਮਾਲਕਾਂ ਨਾਲ ਗੱਲ ਕੀਤੀ, ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ। ਦਰੱਖਤ ਕੱਟਣ ਦਾ ਕੰਮ ਪਿੰਡ ਭੁੱਚੋ ਖੁਰਦ ਦੇ ਬਲਵਿੰਦਰ ਸਿੰਘ ਅਤੇ ਸ਼ੰਕਰ ਸਿੰਘ ਵੱਲੋਂ ਕੀਤਾ ਗਿਆ ਸੀ ਜੋ ਕਿ ਇਸੇ ਮਿੱਲ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੋ ਟਾਹਲੀਆਂ ਅਤੇ ਇੱਕ ਕਿੱਕਰ ਦੇ ਦਰੱਖ਼ਤ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ ਅਤੇ ਪੰਜ ਹੋਰ ਦਰੱਖ਼ਤਾਂ ਦੇ ਟਾਹਣੇ ਆਦਿ ਵੱਡੇ ਸਨ। ਦਰੱਖ਼ਤ ਕੱਟਣ ਵੇਲੇ ਕੋਟ ਸ਼ਮੀਰ ਦੀ ਬਿਜਲੀ ਗਰਿੱਡ ਤੋਂ ਪਰਮਿਟ ਲੈਣ ਬਾਰੇ ਵੀ ਪਤਾ ਲੱਗਿਆ ਹੈ ਜਦਕਿ ਦੂਜੇ ਪਾਸੇ ਪਾਵਰਕੌਮ ਦੇ ਐੱਸਡੀਓ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਵਣ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਖੁਰਦ ਬੁਰਦ ਕੀਤੀ ਲੱਕੜ ਦੀ ਪੂਰੀ ਕੀਮਤ ਵਸੂਲੀ ਗਈ ਹੈ। ਦੂਜੇ ਪਾਸੇ ਕਿਸਾਨ ਆਗੂ ਬਲਵੀਰ ਸਿੰਘ, ਅਮਨਦੀਪ ਸਿੰਘ, ਸਿਕੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਲੱਕੜ ਦੇ ਨੁਕਸਾਨ ਦੀ ਪੂਰੀ ਕੀਮਤ ਨਹੀਂ ਵਸੂਲੀ ਹੈ। ਉਨ੍ਹਾਂ ਮੰਗ ਕੀਤੀ ਕਿ ਹਰੇ-ਭਰੇ ਦਰੱਖ਼ਤ ਕੱਟਣ ਵਾਲਿਆਂ ਖ਼ਿਲਾਫ਼ ਕੌਮੀ ਗਰੀਨ ਟ੍ਰਿਬਿਊਨਲ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।