ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਅਗਸਤ
ਮੀਂਹ ਦੌਰਾਨ ਖਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਤੇ ਹੋਰ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਲੰਬੀ ਦੇ ਦੌਰੇ ਦੌਰਾਨ ਪਿੰਡ ਪੰਨੀਵਾਲਾ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਇਕ ਵਫ਼ਦ ਨਾਲ ਮੀਟਿੰਗ ਕੀਤੀ ਗਈ ਸੀ। ਇਸ ਮਗਰੋਂ ਡਿਪਟੀ ਕਮਿਸ਼ਨਰ ਨੂੰ ਬੈਠਕ ਕਰ ਕੇ ਮਸਲੇ ਹੱਲ ਕਰਨ ਦੀ ਹਦਾਇਤ ਕੀਤੀ ਗਈ, ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਨੇ ਮਸਲਿਆਂ ਬਾਰੇ ਗੱਲ ਕਰਨ ਲਈ ਕਿਸਾਨਾਂ ਤੇ ਮਜ਼ਦੂਰਾਂ ਦੀ ਮੀਟਿੰਗ ਸੱਦੀ ਜੋ ਕਿ ਬੇਸਿੱਟਾ ਰਹੀ।
ਬੈਠਕ ਤੋਂ ਬਾਅਦ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਬਾਜ ਸਿੰਘ ਭੁੱਟੀਵਾਲਾ, ਕਾਕਾ ਸਿੰਘ ਖੁੰਡੇ ਹਲਾਲ, ਰਾਜਾ ਸਿੰਘ ਕੋਟਲੀ, ਜਸਵਿੰਦਰ ਸਿੰਘ ਸੰਗੂਧੋਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਕੋਟਲੀ ਆਦਿ ਆਗੂਆਂ ਨੇ ਕਿਹਾ ਕਿ ਮੀਟਿੰਗ ਬਿਲਕੁਲ ਬੇਸਿੱਟਾ ਰਹੀ ਹੈ ਕਿਉਂਕਿ ਡੀਸੀ ਨੇ ਪਹਿਲਾਂ ਵਾਂਗ ਹੀ ਟਾਲ-ਮਟੋਲ ਕਰ ਕੇ ਡੰਗ ਟਪਾਇਆ ਹੈ| ਆਗੂਆਂ ਨੇ ਦੱਸਿਆ ਕਿ 2015 ਵਿੱਚ ਬਿਜਲੀ ਦੇ ਮੀਟਰ ਘਰਾਂ ਵਿੱਚੋਂ ਬਾਹਰ ਕੱਢਣ ਦਾ ਵਿਰੋਧ ਕਰਨ ’ਤੇ ਕਰੀਬ 60 ਵਿਅਕਤੀਆਂ ਖਿਲਾਫ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਲੰਬੀ ਨਰਮੇ ਦਾ ਮੁਆਵਜ਼ਾ ਲੈਣ ਲਈ ਕੀਤੇ ਮੁਜ਼ਾਹਰੇ ਦੌਰਾਨ ਦਰਜ ਹੋਏ ਕੇਸ ਅਤੇ ਕੋਵਿਡ ਦੌਰਾਨ ਕੀਤੇ ਸੰਘਰਸ਼ ਦੇ ਪਰਚੇ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਸੀ| ਇਸੇ ਤਰ੍ਹਾਂ ਨਰਮੇ ਦੀ ਖਰਾਬੀ ਤੋਂ ਬਾਅਦ ਮਜ਼ਦੂਰੀ ਸਬੰਧੀ ਮੁਆਵਜ਼ਾ ਦੇਣ ਦੀ ਮੰਗ, ਆਟਾ-ਦਾਲ ਸਕੀਮ ਵਾਲੀ ਕਣਕ ਦਾ ਰਹਿੰਦਾ ਕੋਟਾ ਦਿੱਤਾ ਜਾਵੇ, ਮਨਰੇਗਾ ਤਹਿਤ ਕੰਮ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਪੰਚਾਇਤਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਰੋਕਣ ਸਣੇ ਕਈ ਹੋਰ ਮੰਗਾਂ ਦਾ ਜ਼ਿਕਰ ਕੀਤਾ ਗਿਆ| ਕਿਸਾਨ ਤੇ ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਹੁਣ 15 ਅਗਸਤ ਤੋਂ ਬਾਅਦ ਡੀਸੀ ਦਫ਼ਤਰ ਅੱਗੇ ਲਗਾਤਾਰ ਧਰਨਾ ਸ਼ੁਰੂ ਕੀਤਾ ਜਾਵੇਗਾ|
ਕੀ ਕਹਿੰਦੇ ਨੇ ਅਧਿਕਾਰੀ
ਇਸੇ ਦੌਰਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਅਤੇ ਕੁਝ ਮੰਗਾਂ ਸਬੰਧੀ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ ਜੋ ਕਿ ਜਲਦੀ ਹੱਲ ਹੋ ਜਾਣਗੀਆਂ|