ਪੱਤਰ ਪ੍ਰੇਰਕ
ਭਗਤਾ ਭਾਈ, 6 ਅਕਤੂਬਰ
ਕੁੱਝ ਟਰੈਵਲ ਏਜੰਟਾਂ ਵੱਲੋਂ ਦੋ ਵਿਦਿਆਰਥੀਆਂ ਨਾਲ ਵਿਦੇਸ਼ ਭੇਜਣ ਦੇ ਮਾਮਲੇ ਵਿਚ ਕਥਿਤ ਠੱਗੀ ਮਾਰਨ ਦੇ ਮਾਮਲੇ ਸਬੰਧੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਅੱਜ ਦੂਜੇ ਦਿਨ ਭਗਤਾ ਭਾਈ ਦੇ ਮੁੱਖ ਚੌਕ ਵਿੱਚ ਧਰਨਾ ਜਾਰੀ ਰਿਹਾ। ਇਸੇ ਦੌਰਾਨ ਪੁਲੀਸ ਪ੍ਰਸ਼ਾਸਨ ਤੇ ਧਰਨਾਕਾਰੀਆਂ ਵਿਚਕਾਰ ਗੱਲਬਾਤ ਵੀ ਹੋਈ, ਪਰ ਕੋਈ ਸਿੱਟਾ ਨਹੀਂ ਨਿਕਲਿਆ। ਧਰਨੇ ਦੌਰਾਨ ਇਕੱਤਰ ਲੋਕਾਂ ਨੇ ਟਰੈਵਲ ਏਜੰਟਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ। ਬੀਕੇਯੂ (ਸਿੱਧੂਪੁਰ) ਦੇ ਆਗੂ ਬਲਜਿੰਦਰ ਸਿੰਘ ਕਾਲਾ, ਮਹਿੰਦਰ ਸਿੰਘ ਦਿਆਲਪੁਰਾ ਮਿਰਜ਼ਾ, ਅੰਗਰੇਜ ਸਿੰਘ ਕਲਿਆਣ ਅਤੇ ਜਸਵੀਰ ਸਿੰਘ ਬੱਜੋਆਣਾ ਨੇ ਕਿਹਾ ਕਿ ਭਗਤਾ ਭਾਈ ਤੇ ਵਾਂਦਰ ਡੋਡ ਨਾਲ ਸਬੰਧਤ ਦੋ ਟਰੈਵਲ ਏਜੰਟਾਂ ਵੱਲੋਂ ਪਿੰਡ ਬੱਜੋਆਣਾ ਦੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਤੇ ਇੱਕ ਹੋਰ ਨਾਲ ਸਾਢੇ ਛੇ ਲੱਖ ਦੀ ਕਥਿਤ ਠੱਗੀ ਮਾਰੀ ਗਈ ਹੈ। ਪੀੜਤਾਂ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਉਕਤ ਏਜੰਟਾਂ ਵੱਲੋਂ ਪੈਸੇ ਵਾਪਸ ਨਹੀਂ ਕੀਤੇ ਗਏ।