ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 10 ਸਤੰਬਰ
ਪਿੰਡ ਘੁੰਮਣ ਕਲਾਂ ਦੀ ਹੱਡਾਰੋੜੀ ਦਾ ਮਾਮਲਾ ਉਸ ਸਮੇਂ ਭਖ਼ ਗਿਆ ਜਦੋਂ ਲੰਪੀ ਸਕਿਨ ਬਿਮਾਰੀ ਨਾਲ ਮਰ ਰਹੇ ਪਸ਼ੂਆਂ ਨੂੰ ਸੁੱਟਣ ਲਈ ਲੋਕਾਂ ਦੀ ਮੰਗ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਬੂਰ ਨਾ ਪਿਆ, ਵੱਡੀ ਗਿਣਤੀ ’ਚ ਭੜਕੇ ਪਿੰਡ ਘੁੰਮਣ ਕਲਾਂ ਦੇ ਲੋਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਧਿਕਾਰਤ ਤੌਰ ’ਤੇ ਚੱਲ ਰਹੀ ਹੱਡਾ ਰੋੜੀ ਨੂੰ ਗ੍ਰਾਮ ਪੰਚਾਇਤ ਵੱਲੋਂ ਬੰਦ ਕਰਵਾਉਣ ਦੇ ਰੋਸ ਵਜੋਂ ਅੱਜ ਸਵੇਰ ਸਮੇਂ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ਦੀ ਆਵਾਜਾਈ ਠੱਪ ਕਰ ਦਿੱਤੀ ਗਈ। ਪਿੰਡ ਵਾਸੀਆਂ ਵੱਲੋਂ ਧਰਨੇ ਦੌਰਾਨ ਵੀ ਕੋਈ ਸੁਣਵਾਈ ਨਾ ਹੁੰਦੀ ਦੇਖ ਧਰਨੇ ਨੂੰ ਅਣਮਿੱਥੇ ਸਮੇਂ ਲਈ ਤਬਦੀਲ ਕਰ ਦਿੱਤਾ ਗਿਆ। ਇਸ ਨਾਲ ਸਵੇਰ ਤੋਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਭਾਵੇਂ ਪੁਲੀਸ ਵੱਲੋਂ ਟ੍ਰੈਫਿਕ ਨਿਯਮਾਂ ਅਨੁਸਾਰ ਲੋਕਾਂ ਨੂੰ ਬਦਲਵੇਂ ਰਸਤਿਆਂ ਜਰੀਏ ਜਾਣ ਦੇ ਪ੍ਰਬੰਧ ਤਾਂ ਕੀਤੇ ਗਏ, ਪਰ ਦੂਸਰੇ ਰਸਤਿਆਂ ਵਿੱਚ ਟ੍ਰੈਫਿਕ ਜਾਮ ਹੋਣ ਨਾਲ ਪੂਰਾ ਦਿਨ ਲੋਕ ਸੜਕੀ ਆਵਾਜਾਈ ਵਿੱਚ ਫਸੇ ਰਹੇ।
ਪਿੰਡ ਵਾਸੀ ਗੁਰਦੀਪ ਸਿੰਘ ਢਿੱਲੋਂ, ਸਿਕੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਚੱਲ ਰਹੀ ਹੱਡਾਰੋੜੀ ਨੂੰ ਗ੍ਰਾਮ ਪੰਚਾਇਤ ਵੱਲੋਂ ਸਟੇਡੀਅਮ ਬਣਾਉਣ ਦੇ ਨਾਂ ਹੇਠ ਜਬਰੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਮਰ ਰਹੇ ਪਸੂਆਂ ਨੂੰ ਸੁੱਟਣ ਲਈ ਪਿੰਡ ਵਾਸੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਪ੍ਰਸ਼ਾਸਨ ਪਸ਼ੂਆਂ ਨੂੰ ਦਫਨਾਉਣ ਲਈ ਕੋਈ ਢੁਕਵਾਂ ਪ੍ਰਬੰਧ ਕਰੇ, ਨਹੀਂ ਤਾਂ ਪਹਿਲਾਂ ਤੋਂ ਚੱਲ ਰਹੀ ਹੱਡਾਰੋੜੀ ਨੂੰ ਬਹਾਲ ਕੀਤਾ ਜਾਵੇ। ਇਸ ਮੌਕੇ ਲੋਕ ਮੁਰਦਾ ਪਸ਼ੂਆਂ ਨੂੰ ਟਰਾਲੀਆਂ ਵਿੱਚ ਰੱਖ ਕੇ ਪੂਰਾ ਦਿਨ ਪ੍ਰਦਰਸ਼ਨ ਕਰਦੇ ਰਹੇ ਪਰ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਧਰਨੇ ਵਿੱਚ ਬੈਠੇ ਲੋਕਾਂ ਕੋਲ ਨਹੀਂ ਪੁੱਜਿਆ। ਖ਼ਬਰ ਲਿਖੇ ਜਾਣ ਤੱਕ ਵੀ ਪ੍ਰਦਰਸ਼ਨਕਾਰੀ ਸੜਕ ਜਾਮ ਕਰਕੇ ਹੱਡਾ ਰੋੜੀ ਬਹਾਲ ਕਰਨ ਦੀ ਆਪਣੀ ਮੰਗ ’ਤੇ ਡਟੇ ਹੋਏ ਸਨ।
ਮਜ਼ਦੂਰਾਂ ਨੇ ਰੈਲੀ ਕਰਕੇ ਕੀਤੀ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੀ ਮੰਗ
ਤਪਾ (ਮੰਡੀ ਪੱਤਰ ਪ੍ਰੇਰਕ) ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਮਜ਼ਦੂਰ ਵਿਰੋਧੀ ਨੀਤੀਆਾਂ ਤਿਆਰ ਕਰਦੀਆਂ ਆ ਰਹੀਆਂ ਹਨ। ਟੈਂਡਰ ਨੀਤੀ ਸਹੀ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਮਾਇਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰੀ ਮਜ਼ਦੂਰ ਦੇ ਖਾਤੇ ਵਿੱਚ ਸਿੱਧੀ ਨਹੀਂ ਪੈ ਰਹੀ, ਜਿਸ ਕਾਰਨ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੀ ਲੋੜ ਹੈ। ਇਹ ਪ੍ਰਗਟਾਵਾ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਛਿੰਦਰਪਾਲ ਸਿੰਘ ਨੇ ਅੱਜ ਇੱਥੇ ਅਗਰਵਾਲ ਧਰਮਸ਼ਾਲਾ ’ਚ ਪੱਲੇਦਾਰਾਂ ਦੀ ਸੂਬਾ ਪੱਧਰੀ ਰੈਲੀ ’ਚ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਟੈਂਡਰ ਪਾਲਿਸੀ ਨੂੰ ਸਹੀ ਕਰਕੇ ਮਜ਼ਦੂਰਾਂ ਦੀ ਲੁੱਟ ਖਸੁੱਟ ਠੇਕੇਦਾਰਾਂ ਹੱਥੋਂ ਬੰਦ ਕਰਵਾਉਣ ਦੀ ਮੰਗ ਕੀਤੀ।