ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਗਸਤ
ਮਾਲਵਾ ਪੱਟੀ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਦੀਆਂ ਹੱਦਾਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖ ਕੇ ਪੰਜਾਬ ਪੁਲੀਸ ਵੱਲੋਂ ਸੀਲ ਕਰ ਦਿੱਤੀਆਂ ਗਈਆਂ ਹਨ। ਮਾਨਸਾ ਸਮੇਤ ਬਠਿੰਡਾ, ਸੰਗਰੂਰ, ਪਟਿਆਲਾ, ਮੁਕਤਸਰ, ਫਾਜ਼ਿਲਕਾ ਜ਼ਿਲ੍ਹਿਆਂ ਦੀਆਂ ਹੱਦਾਂ ਗੁਆਂਢੀ ਸੂਬਿਆਂ ਨਾਲ ਲੱਗਣ ਕਾਰਨ ਪੁਲੀਸ ਨੇ ਦਿਨ-ਰਾਤ ਦੀ ਚੌਕਸੀ ਰੱਖਣੀ ਆਰੰਭ ਦਿੱਤੀ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਵੱਲੋਂ ਹਰਿਆਣਾ ਦੀ ਹੱਦ ਨਾਲ ਲੱਗਦੇ ਨਾਕਿਆਂ ਉਪਰਲੀ ਪਹਿਰੇਦਾਰੀ ਦਾ ਚੈਕਿੰਗ ਦੌਰਾਨ ਮੁਆਇਨਾ ਲਿਆ ਗਿਆ। ਸ੍ਰੀ ਭਾਰਗਵ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਸਬੰਧੀ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਮਾਨਸਾ ਪੁਲੀਸ ਵੱਲੋਂ ਜਿਲ੍ਹੇ ਅੰਦਰ ਅਸਰਦਾਰ ਢੰਗ ਨਾਲ ਨਾਕੇ ਲਗਵਾਕੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲਾ ਮਾਨਸਾ ਨੂੰ 48 ਨਾਕੇ (ਦਿਨ/ਰਾਤ ਦੇ) ਅਤੇ 7 ਨਾਕੇ (ਸਿਰਫ ਰਾਤ ਸਮੇਂ) ਕੁੱਲ 55 ਨਾਕੇ ਲਗਾਕੇ ਚਾਰੇ ਪਾਸਿਓ ਸੀਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 21 ਨਾਕੇ ਅੰਤਰਰਾਜੀ ਹਨ। ਡਾ. ਭਾਰਗਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਰਫ ਪਿੰਡ ਝੰਡਾ ਖੁਰਦ ਵਾਲਾ ਨਾਕਾ ਹੀ ਐਂਟਰੀ ਪੁਆਇੰਟ ਨਾਕਾ ਹੈ, ਸਬ-ਡਵੀਜ਼ਨ ਸਰਦੂਲਗੜ ਦੇ ਬਾਕੀ ਸਾਰੇ ਨਾਕੇ ਸੀਲ ਹਨ। ਉਨ੍ਹਾਂ ਕਿਹਾ ਕਿ ਇਸ ਨਾਕੇ ’ਤੇ ਵੀ ਸਿਰਫ਼ ਜ਼ਰੂਰੀ ਵਸਤਾਂ ਵਾਲੇ ਵਹੀਕਲ ਜਿਨ੍ਹਾਂ ਕੋਲ ਪਾਸ ਹੋਵੇਗਾ, ਉਹ ਹੀ ਦਾਖ਼ਲ ਹੋ ਸਕਦੇ ਹਨ।