ਪੱਤਰ ਪ੍ਰੇਰਕ
ਤਪਾ ਮੰਡੀ, 25 ਅਕਤੂਬਰ
ਸ਼ਹਿਰ ਅੰਦਰ ਨਸ਼ੇ ਦੇ ਕਈ ਸੁਦਾਗਰਾਂ ਨੇ ਆਪਣੇ ਅੱਡੇ ਬਣਾਏ ਹੋਏ ਹਨ। ਨਸ਼ਾ ਵਿਰੋਧੀ ਸਮਾਜ ਸੇਵਕਾਂ ਨੇ ਉਨ੍ਹਾਂ ਨੂੰ ਨਸ਼ਾ ਵੇਚਦੇ ਰੰਗੇ ਹੱਥੀਂ ਫੜ ਕੇ ਪੁਲੀਸ ਦੇ ਹਵਾਲੇ ਵੀ ਕੀਤਾ ਹੈ। ਪੁਲੀਸ ਉਨ੍ਹਾਂ ਨੂੰ ਫੜ ਕੇ ਥਾਣੇ ਲੈ ਜਾਂਦੀ ਹੈ ਅਤੇ ਸ਼ਾਮ ਨੂੰ ਛੱਡ ਦਿੰਦੀ ਹੈ। ਇਹ ਨਸ਼ਾ ਵਿਕਰੇਤਾ ਅਗਲੇ ਦਿਨ ਫਿਰ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੰਦੇ ਹਨ।
ਇੱਥੋਂ ਦੇ ਸਰਕਾਰੀ ਹਸਪਤਾਲ ਦਾ ਮੁੱਖ ਗੇਟ ਨਸ਼ਾ ਸਮਗਲਰਾਂ ਦਾ ਅੱਡਾ ਬਣ ਚੁੱਕਿਆ ਹੈ। ਇਸ ਹਸਪਤਾਲ ’ਚੋਂ ਰਜਿਸਟਰਡ ਨਸ਼ੇ ਦੇ ਆਦੀ ਨਸ਼ੀਲੀਆਂ ਗੋਲੀਆਂ ਲੈਣ ਆਉਂਦੇ ਹਨ। ਕਈ ਤਾਂ ਇਥੇ ਹੀ ਵੇਚ ਜਾਂਦੇ ਹਨ।
ਕਈ ਅਮਲੀ ਇੱਥੇ ਹੀ ਸ਼ਰੇਆਮ ਵਿਕਦਾ ਨਸ਼ਾ ਖ਼ਰੀਦ ਕੇ ਆਪਣਾ ਅਮਲ ਪੂਰਾ ਕਰਦੇ ਹਨ। ਇਕ ਅਪਾਹਜ ਵਿਅਕਤੀ, ਜੋ ਆਪਣੀ ਸਾਈਕਲ ਰੇਹੜੀ ’ਤੇ ਨਸ਼ਾ ਵੇਚਦਾ ਹੈ ਤੋਂ ਪੁੱਛਿਆ ਤਾਂ ਉਸ ਨੇ ਕਿਹਾ,‘‘ ਮੇਰੇ ਕੋਲ ਕੋਈ ਕੰਮ ਨਹੀਂ, ਮੈਂ ਨਸ਼ੇ ਨੂੰ ਹੀ ਆਪਣਾ ਧੰਦਾ ਬਣਾਇਆ ਹੋਇਆ ਹੈ।’’
ਇਸ ਸਬੰਧੀ ਥਾਣਾ ਮੁਖੀ ਨਿਰਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਹੜੇ ਨਸ਼ਾ ਵੇਚਣ ਵਾਲੇ ਫੜੇ ਸਨ ਉਨ੍ਹਾਂ ਕੋਲੋਂਂ ‘ਸਿਗਨੇਚਰ’ ਮਾਰਕਾ ਕੈਪਸੂਲ ਮਿਲੇ ਸਨ, ਜਿਨ੍ਹਾਂ ’ਤੇ ਕੇਸ ਨਹੀਂ ਬਣਦਾ। ਜਿਸ ਕਾਰਨ ਉਨ੍ਹਾਂ ਨੂੰ ਛੱਡਣਾ ਪਿਆ। ਹੁਣ ਉਸ ਏਰੀਏ ਵਿੱਚ ਗਸ਼ਤ ਵਧਾ ਦਿੱਤੀ ਜਾਵੇਗੀ ਅਤੇ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ।