ਸ਼ਗਨ ਕਟਾਰੀਆ
ਜੈਤੋ, 31 ਮਈ
ਲੰਘੀ ਰਾਤ ਕਰੀਬ 12 ਵਜੇ ਬਠਿੰਡਾ-ਅੰਮਿ੍ਤਸਰ ਨੈਸ਼ਨਲ ਹਾਈਵੇਅ ’ਤੇ ਐਲਪੀਜੀ ਗੈਸ ਨਾਲ ਭਰਿਆ ਇਕ ਟੈਂਕਰ ਪਲਟਣ ਕਾਰਨ ਭੜਕੀ ਅੱਗ ’ਤੇ ਸਮੇਂ ਸਿਰ ਕਾਬੂ ਪਾਉਣ ਨਾਲ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਹਾਦਸਾ ਉਪ ਮੰਡਲ ਜੈਤੋ ਦੇ ਪਿੰਡ ਵਾੜਾ ਭਾਈ ਕਾ ਨੇੇੜੇ ਵਾਪਰਿਆ। ਜਾਣਕਾਰੀ ਮੁਤਾਬਿਕ ਗੈਸ ਵਾਲਾ ਟੈਂਕਰ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਬਠਿੰਡਾ ਤੋਂ ਜੰਮੂ ਜਾ ਰਿਹਾ ਸੀ। ਅਚਾਨਕ ਸੜਕ ’ਤੇ ਟੈਂਕਰ ਪਲਟਣ ਪਿੱਛੋਂ ਉਸ ਵਿਚੋਂ ਗੈਸ ਰਿਸਣ ਲੱਗੀ ਅਤੇ ਫਿਰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਉਸ ਦੀ ਰੌਸ਼ਨੀ ਦੂਰ-ਦਰਾਜ ਤੱਕ ਸੀ। ਨੇੜੇ ਖੇਤਾਂ ’ਚ ਪਾਣੀ ਲਾ ਰਹੇ ਕਿਸਾਨਾਂ ਨੇ ਡਰਾਈਵਰ ਨੂੰ ਸੰਭਾਲਿਆ। ਬਠਿੰਡਾ, ਫ਼ਰੀਦਕੋਟ ਅਤੇ ਕੋਟਕਪੂਰਾ ਤੋਂ ਪਹੁੰਚੀਆਂ ਅੱਗ ਬੁਝਾਊ ਗੱਡੀਆਂ ਨੇ ਸਖ਼ਤ ਤਰੱਦਦ ਕਰਕੇ ਅੱਗ ’ਤੇ ਕਾਬੂ ਪਾਇਆ। ਬਠਿੰਡਾ ਰਿਫ਼ਾਇਨਰੀ ਤੋਂ ਮਾਹਿਰਾਂ ਦੀ ਇਕ ਬਚਾਓ ਟੀਮ ਵੀ ਘਟਨਾ ਸਥਾਨ ’ਤੇ ਪੁੱਜੀ। ਟੀਮ ਮੈਂਬਰਾਂ ਨੇ ਦੱਸਿਆ ਕਿ ਗੈਸ ਦਾ ਰਿਸਾਓ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਬਰਫ਼ ਬਣੀ ਗੈਸ ਟੈਂਕਰ ਅੰਦਰ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਟੈਂਕਰ ਨੂੰ ਕਰੇਨ ਨਾਲ ਸਿੱਧਾ ਕਰਕੇ ਜਿੱਥੇ ਵੀ ਰਿਸਾਓ ਹੋਇਆ, ਉਸ ਨੂੰ ਬੰਦ ਕਰਕੇ ਟੈਂਕਰ ਨੂੰ ਵਾਪਸ ਪਲਾਂਟ ਵਿਚ ਲਿਜਾਇਆ ਜਾਵੇਗਾ।