ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ
ਇਥੋਂ ਦੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਐੱਸਡੀਜੇਐੱਮ ਮਲੋਟ ਸ੍ਰੀ ਬਗੀਚਾ ਸਿੰਘ ਦੀ ਅਦਾਲਤ ਵੱਲੋਂ ਕੀਤੇ ਫੈਸਲੇ ਨੂੰ ਬਹਾਲ ਰੱਖਦਿਆਂ ਦੋਸ਼ੀਆਂ ਵੱਲੋਂ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।
ਮੁਦਈ ਸ਼ਾਰਦਾ ਨੇ ਦੱਸਿਆ ਕਿ ਮਲੋਟ ਸ਼ਹਿਰ ਦਾ ਮੁੱਢ ਬੰਨ੍ਹਣ ਵਾਲੇ ਚੌਧਰੀ ਪ੍ਰਲਾਦ ਕੁਮਾਰ ਦੇ ਲੜਕੇ ਅਸ਼ਵਨੀ ਕੁਮਾਰ, ਨੂੰਹ ਮੰਜੁਲਾ ਅਤੇ ਅਸ਼ਵਨੀ ਕੁਮਾਰ ਦੇ ਸਹੁਰੇ ਐਡਵੋਕੇਟ ਵੇਦ ਪ੍ਰਕਾਸ਼ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸ਼ਾਰਦਾ ਪੁੱਤਰੀ ਪ੍ਰਲਾਦ ਕੁਮਾਰ ਦੀ ਮਲੋਟ ਵਿੱਚ ਸਥਿਤ ਕਰੋੜਾਂ ਰੁਪਏ ਦੀ ਜਾਇਦਾਦ ਹੜੱਪ ਲਈ, ਜਦੋਂ ਇਸ ਕਾਰਵਾਈ ਦਾ ਪ੍ਰਲਾਦ ਕੁਮਾਰ ਦੀ ਪੁੱਤਰੀ ਸ਼ਾਰਦਾ ਨੂੰ ਪਤਾ ਲੱਗਿਆ ਤਾਂ ਉਸਨੇ ਮਲੋਟ ਦੀ ਅਦਾਲਤ ਵਿੱਚ ਕੇਸ ਦਾਖਲ ਕਰ ਦਿੱਤਾ, ਜਿੱਥੇ ਐਸਡੀਜੇਐੱਮ ਮਲੋਟ ਬਗੀਚਾ ਸਿੰਘ ਦੀ ਅਦਾਲਤ ਨੇ ਮੰਜੁਲਾ, ਉਸਦੇ ਪਤੀ ਅਸ਼ਵਨੀ ਕੁਮਾਰ ਅਤੇ ਵੈਦ ਪ੍ਰਕਾਸ਼ ਐਡਵੋਕੇਟ ਨੂੰ ਤਿੰਨ-ਤਿੰਨ ਸਾਲ ਕੈਦ ਅਤੇ ਦਸ-ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦੇ ਦਿੱਤੀ ਸੀ। ਇਸ ’ਤੇ ਮੰਜੁਲਾ ਹੋਰਾਂ ਨੇ ਮੁਕਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਇਸ ਫੈਸਲੇ ਦੇ ਖ਼ਿਲਾਫ਼ ਅਪੀਲਾਂ ਦਾਖਲ ਕਰ ਦਿੱਤੀਆਂ ਪਰ ਜ਼ਿਲ੍ਹਾ ਅਦਾਲਤ ਨੇ ਮੁਦਈ ਧਿਰ ਦੇ ਵਕੀਲਾਂ ਸ੍ਰੀ ਬਾਬੂ ਸਿੰਘ ਸਿੱਧੂ ਐਡਵੋਕਟ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਅੰਕੁਸ਼ ਨਾਰੰਗ ਐਡਵੋਕੇਟ ਮਲੋਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਨ੍ਹਾਂ ਅਪੀਲਾਂ ਨੂੰ ਖਾਰਜ ਕਰਦਿਆਂ ਹੇਠਲੀ ਅਦਾਲਤ ਵੱਲੋਂ ਦਿੱਤੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।