ਇਕਬਾਲ ਸਿੰਘ ਸ਼ਾਂਤ
ਲੰਬੀ, 8 ਫਰਵਰੀ
ਕਿਰਤੀਆਂ ਦੇ ਹੱਕਾਂ ਦੀ ਲੋਕ ਆਵਾਜ਼ ਵਜੋਂ ਉੱਭਰੀ ਕਿਰਤੀ ਧੀ ਨੌਦੀਪ ਕੌਰ ਦੀ ਹਮਾਇਤ ’ਚ ਲੋਕ ਮੁਹਾਜ਼ ਸੜਕਾਂ ’ਤੇੇ ਉੱਤਰ ਪਿਆ ਹੈ। ਨੌਦੀਪ ਅਤੇ ਉਸ ਦੇ ਸਾਥੀ ਮਜ਼ਦੂਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਕਰਨਾਲ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਨੌਦੀਪ ’ਤੇ ਤਸ਼ਦੱਦ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਹਨ।
ਅੱਜ ਲੰਬੀ ਵਿੱਚ ਨੌਦੀਪ ਕੌਰ ’ਤੇ ਤਸ਼ਦੱਦ ਕਰਨ ਤੇ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਦੇ ਵਿਰੁੱਧ ਮੋਦੀ ਸਰਕਾਰ, ਖੱਟਰ ਸਰਕਾਰ ਅਤੇ ਪੁਲੀਸ ਪ੍ਰਸਾਸ਼ਨ ਦਾ ਪੁਤਲਾ ਸਾੜਿਆ ਗਿਆ। ਇਸ ਤੋਂ ਪਹਿਲਾਂ ਰੋਸ ਮਾਰਚ ਵੀ ਕੀਤਾ ਗਿਆ।
ਨੌਦੀਪ ਕੌਰ ਦਿੱਲੀ ਨੇੜੇ ਕੁੰਡਲੀ ਸਨਅਤੀ ਖੇਤਰ ’ਚ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ। ਫੈਕਟਰੀ ਮਜ਼ਦੂਰਾਂ ਦੀ ਕਰੋਨਾ ਮਹਾਂਮਾਰੀ ਸਮੇਂ ਦੀ ਤਨਖਾਹ ਦਿਵਾਉਣ ਲਈ ਨੌਦੀਪ ਨੇ ਮਜ਼ਦੂਰ ਅਧਿਕਾਰ ਸੰਗਠਨ ਨਾਲ ਜੁੜ ਕੇ ਫੈਕਟਰੀ ਮਾਲਕ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਇਆ, ਜਿਸ ਨੂੰ ਦਬਾਉਣ ਲਈ ਸਰਕਾਰੀ ਤੰਤਰ ਨੇ ਫੈਕਟਰੀ ਮਾਲਕਾਂ ਨਾਲ ਰਲ ਕੇ ਨੌਦੀਪ ਕੌਰ ਅਤੇ ਉਸ ਦੇ ਸਾਥੀਆਂ ’ਤੇ ਜਬਰ ਢਾਹਿਆ ਸੀ। ਰੋਸ ਮਾਰਚ ਮੌਕੇ ਭਾਕਿਯੂ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਟੀਐੱਸਯੂ ਤੇ ਭਰਾਤਰੀ ਜਥੇਬੰਦੀਆਂ ਨੇ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਕੀਤੀ। ਕਾਲਾ ਸਿੰਘ ਖੁੰਨਣ ਖੁਰਦ ਅਤੇ ਜਗਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।