ਇਕਬਾਲ ਸਿੰਘ ਸ਼ਾਂਤ
ਲੰਬੀ, 10 ਮਾਰਚ
ਪੰਜਾਬ ਦੇ ਵੋਟਰਾਂ ਨੇ ਸੂਬੇ ਦੀ ਵਿਧਾਨ ਸਭਾ ਵਿੱਚੋਂ ਪਿੰਡ ਬਾਦਲ ਦੀ ਚੌਧਰ ਮੁਕਾ ਦਿੱਤੀ ਹੈ। ਇੱਥੋਂ ਦੇ ਤਿੰਨੇ ਸਿਆਸੀ ਸ਼ਾਹ ਅਸਵਾਰ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ, ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਤੇ ਮਨਪ੍ਰੀਤ ਸਿੰਘ ਦੇ ਬਠਿੰਡਾ ਤੋਂ ਭਾਰੀ ਸ਼ਿਕਸਤ ਮਿਲੀ ਹੈ। ਹਾਲਾਂਕਿ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਹਨ। ਕਰੀਬ ਪੰਜਾਹ ਸਾਲਾਂ ਤੋਂ ‘ਬਾਦਲ’ ਸਰਨੇਮ ਦੀ ਸੂਬੇ ਦੀ ਵਿਧਾਨ ਸਭਾ ’ਚ ਤੂਤੀ ਬੋਲਦੀ ਰਹੀ ਹੈ। ਸਰਕਾਰ ਕਿਸੇ ਪਾਰਟੀ ਦੀ ਹੋਵੇ, ਪਰ ਬਾਦਲਾਂ ਦਾ ਜਲਵਾ ਹਮੇਸ਼ਾ ਬਰਕਰਾਰ ਰਿਹਾ। ਇਸ ਵਾਰ ਆਪ ਦੀ ਹਨ੍ਹੇਰੀ ’ਚ ਚੋਣ ਨਤੀਜਿਆਂ ’ਚ ਸੂਬੇ ‘ਚ ਝਾੜੂ ਫਿਰਨ ਦੇ ਨਾਲ ਪਿੰਡ ਬਾਦਲ ’ਚ ਸਿਆਸੀ ਸੁੰਨ ਪਸਰ ਗਈ। ਬੀਤੇ ਕੱਲ੍ਹ ਜਿੱਤ ਦੀ ਉਮੀਦ ’ਚ ਪਿੰਡ ਦੇ ਹਲਵਾਈਆਂ ਨੇ ਬਿਨਾਂ ਆਰਡਰ ਦੇ ਛੇ ਕੁਇੰਟਲ ਲੱਡੂ ਵੱਟੇ ਸਨ। ਜਾਣਕਾਰੀ ਮੁਤਾਬਕ ਬਾਦਲ ਪਿੰਡ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ’ਤੇ ਸਵੇਰੇ ਤੋਂ ਕੋਈ ਬਾਦਲ ਨਾ ਜਨਤਕ ਹੋਇਆ ਤੇ ਨਾ ਹੀ ਰਿਹਾਇਸ਼ ਤੋਂ ਬਾਹਰ ਗਿਆ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਵੀ ਕਰੀਬ ਦੋ-ਤਿੰਨ ਘੰਟੇ ਘਰੋਂ ਬਾਹਰ ਗਏ ਸਨ। ਹਾਰ ਦਾ ਵਜ਼ਨ ਵਧਣ ਮਗਰੋਂ ਘਰੇ ਪਰਤ ਆਏ ਸਨ। ਬਦਲਾਅ ਦੇ ਬੰਪਰ ਡਰਾਅ ਨੇ ਪੰਜਾਬ ਦੀ ਸਿਆਸਤ ਦੀ ਧੁਰੀ ਬਦਲ ਦਿੱਤੀ ਹੈ। ਹੁਣ ਨਵੇਂ ਚਿਹਰਿਆਂ ਨਾਲ ਰਾਜਨੀਤੀ ਤੇ ਸਮਾਜਿਕ ਮਾਹੌਲ ਨਵੇਂ ਰਾਹ ਨਿੱਕਲਣ ਦਾ ਮੁੱਢ ਬੱਝ ਗਿਆ ਹੈ। ਨਤੀਜੇ ਵਾਚਣ ਉਪਰੰਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵਿੱਟਰ ਸੁਨੇਹੇ ’ਚ ਆਖਿਆ ਕਿ ਅਸੀਂ ਪੂਰੇ ਦਿਲ ਨਾਲ ਤੇ ਪੂਰੀ ਨਿਮਰਤਾ ਨਾਲ ਪੰਜਾਬੀਆਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੇ ਹਨ। ਉਹ ਲੱਖਾਂ ਪੰਜਾਬੀਆਂ ਦੇ ਸ਼ੁਕਰਗੁਜਾਰ ਹਨ, ਜਿਨ੍ਹਾਂ ਸਾਡੇ ’ਤੇ ਭਰੋਸਾ ਕੀਤਾ ਤੇ ਅਕਾਲੀ-ਬਸਪਾ ਵਰਕਰਾਂ ਦਾ ਨਿਰਸਵਾਰਥ ਮਿਹਨਤ ਧੰਨਵਾਦ ਕੀਤਾ। ਉਨ੍ਹਾਂ ਨੇ ਜਿਹੜੀ ਭੂਮਿਕਾ ਸਾਨੂੰ ਸੌਂਪੀ ਹੈ, ਅਸੀਂ ਉਸਦੀ ਨਿਮਰਤਾ ਨਾਲ ਸੇਵਾ ਕਰਦੇ ਰਹਾਂਗੇ। ਸੁਖਬੀਰ ਬਾਦਲ ਨੇ ਇੱਕ ਹੋਰ ਟਵੀਟ ਵਿੱਚ ਆਪ ਦੀ ਲੀਡਰਸ਼ਿਪ ਨੂੰ ਜਿੱਤ ਲਈ ਵਧਾਈ ਦਿੱਤੀ। ਇਸਦੇ ਇਲਾਵਾ ਮਨਪ੍ਰੀਤ ਸਿੰਘ ਬਾਦਲ ਨੇ ਵੀ ਟਵਿੱਟਰ ’ਤੇ ਆਪ ਨੂੰ ਲੋਕ ਫਤਵਾ ਜਿੱਤਣ ਲਈ ਵਧਾਈ ਦਿੱਤੀ।
ਵੱਡੇ ਬਾਦਲ ’ਤੇ ਦਾਅ ਖੇਡਣ ’ਤੇ ਅਕਾਲੀ ਦਲ ਪ੍ਰਤੀ ਲੋਕਾਂ ’ਚ ਨਰਾਜਗੀ
ਉਮਰ ਦੇ ਸ਼ਿਖ਼ਰਲੇ ਪੜਾਅ ’ਤੇ ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਲੜਾਉਣ ’ਤੇ ਆਮ ਜਨਤਾ ’ਚ ਨਰਾਜਗੀ ਵੇਖਣ ਨੂੰ ਮਿਲ ਰਹੀ ਹੈ। ਖੁੱਡੀਆਂ ਨੂੰ ਵੋਟ ਪਾਉਣ ਵਾਲੇ ਵੋਟਰਾਂ ਨੇ ਵੱਡੇ ਬਾਦਲ ਨਾਲ ਹਮਦਰਦੀ ਜਾਹਰ ਕਰਦੇ ਆਖਿਆ ਕਿ ਅਕਾਲੀ ਦਲ ਨੇ ਉਨ੍ਹਾਂ ’ਤੇ ਇਸ ਉਮਰ ’ਚ ਮਾਰੂ ਦਾਅ ਖੇਡ ਕੇ ਉਨ੍ਹਾਂ ਦਾ ਬੁਢਾਪਾ ਤੇ ਸਾਰੀ ਉਮਰ ਦੀ ਜੇਤੂ ਸਾਖ਼ ਨੂੰ ਵੱਟਾ ਲਗਾ ਦਿੱਤਾ ਹੈ।