ਪਵਨ ਗੋਇਲ
ਭੁੱਚੋ ਮੰਡੀ, 2 ਜੁਲਾਈ
ਪਿੰਡ ਤੁੰਗਵਾਲੀ ਦੇ ਖੇਤਾਂ ਵਿੱਚ ਪੁੱਜੇ ਟਿੱਡਿਆਂ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਕਿਸਾਨਾਂ ਨੇ ਬੀਤੀ ਸ਼ਾਮ ਜਦੋਂ 100 ਦੇ ਕਰੀਬ ਟਿੱਡਿਆਂ ਨੂੰ ਜਗਸੀਰ ਸਿੰਘ ਦੇ ਖੇਤ ਵਿੱਚ ਦੇਖਿਆ, ਤਾਂ ਉਨ੍ਹਾਂ ਵਿੱਚ ਭਾਜੜ ਪੈ ਗਈ ਅਤੇ ਫਸਲਾਂ ਦੇ ਨੁਕਸਾਨ ਦੀ ਚਿੰਤਾ ਸਤਾਉਣ ਲੱਗੀ। ਕਿਸਾਨਾਂ ਨੇ ਫੌਰਨ ਇਸ ਸਬੰਧੀ ਹੋਰਨਾਂ ਕਿਸਾਨਾਂ ਨੂੰ ਸੂਚਿਤ ਕੀਤਾ। ਕਿਸਾਨਾਂ ਨੇ ਆਪਣੀਆਂ ਫਸਲਾਂ ਦੇ ਬਚਾਅ ਲਈ ਟਿੱਡਿਆਂ ਨੂੰ ਭਜਾਉਣ ਦੇ ਯਤਨ ਆਰੰਭ ਦਿੱਤੇ, ਪਰ ਉਹ ਕਾਮਯਾਬ ਨਹੀਂ ਹੋਏ। ਮੁੱਖ ਖੇਤੀਬਾੜੀ ਅਫਸਰ ਬਹਾਦਰ ਸਿੰਘ ਨੇ ਕਿਹਾ ਕਿ ਟੀਮਾਂ ਵੱਲੋਂ ਕੁੱਝ ਹੋਰ ਪਿੰਡਾਂ ਵਿੱਚ ਸਰਵੇਖਣ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਟੀਮਾਂ ਨੇ ਸਥਿੱਤੀ ’ਤੇ ਨਜ਼ਰ ਰੱਖੀ ਹੋਈ ਹੈ।
ਪਿੰਡਾਂ ਵਿੱਚ ਟਿੱਡੀ ਦਲ ਦੀਆਂ ਅਫ਼ਵਾਹਾਂ
ਸਰਦੂਲਗੜ੍ਹ (ਬਲਜੀਤ ਸਿੰਘ): ਬੀਤੀ ਰਾਤ ਕਸਬਾ ਸਰਦੂਲਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ਟਿੱਡੀ ਦਲ ਦੇ ਹਮਲੇ ਸਬੰਧੀ ਗੁਰੂ ਘਰਾਂ ਦੇ ਸਪੀਕਰਾਂ ਵਿੱਚ ਹੋਈ ਅਨਾਉਂਸਮੈਂਟ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ। ਕਿਸਾਨ ਥਾਲੀਆਂ ਲੈ ਕੇ ਰਾਤ ਨੂੰ ਖੇਤਾਂ ਵਿੱਚ ਘੁੰਮਦੇ ਰਹੇ। ਐਸਡੀਐਮ ਸਰਦੂਲਗੜ੍ਹ ਰਾਜਪਾਲ ਸਿੰਘ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਰਾਮ ਸਰੂਪ ਵੱਲੋਂ ਮਿਲੇ ਸੁਨੇਹੇ ਅਨੁਸਾਰ ਪ੍ਰਸ਼ਾਸਨ ਅਤੇ ਵਿਭਾਗ ਨੂੰ ਟਿੱਡੀ ਦਲ ਦੇ ਹਮਲੇ ਸਬੰਧੀ ਸੂਚਨਾ ਪ੍ਰਾਪਤ ਹੋਣ ਤੇ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੇ ਦੌਰਾਨ ਇਨ੍ਹਾਂ ਪਿੰਡਾਂ ਵਿੱਚ ਕਿਤੇ ਵੀ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਪਰੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਫ਼ਵਾਹ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦਾ ਟਿੱਡੀ ਦਲ ਦਾ ਕੋਈ ਹਮਲਾ ਵੇਖਣ ਵਿੱਚ ਆਉਂਦਾ ਹੈ ਤਾਂ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਜਾਵੇ।