ਪਵਨ ਗੋਇਲ
ਭੁੱਚੋ ਮੰਡੀ, 11 ਜੁਲਾਈ
ਬੀਤੀ ਰਾਤ ਚੋਰਾਂ ਨੇ ਸੱਤ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਅਤੇ ਨਗਦੀ ਚੋਰੀ ਕਰ ਲਈ। ਇਸ ਘਟਨਾ ਤੋਂ ਰੋਹ ਵਿੱਚ ਆਏ ਸ਼ਹਿਰ ਵਾਸੀਆਂ ਨੇ ਦੁਕਾਨਾਂ ਬੰਦ ਕਰਕੇ ਫੁਆਰਾ ਚੌਕ ਵਿੱਚ ਕੌਮੀ ਮਾਰਗ ਨੂੰ ਮਿਲਾਉਂਦੀ ਸ਼ਹਿਰ ਦੀ ਮੁੱਖ ਸੜਕ ’ਤੇ ਜਾਮ ਲਗਾ ਦਿੱਤਾ। ਉਨ੍ਹਾਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਦੁਕਾਨਦਾਰਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਚੋਰਾਂ ਨੂੰ ਫੜ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੁਲੀਸ ਗਸ਼ਤ ਵਧਾਈ ਜਾਵੇ।
ਸੀਸੀਟੀਵੀ ਫੁਟੇਜ਼ ਅਨੁਸਾਰ ਰਾਡਾਂ ਸਮੇਤ ਦੋ ਚੋਰ ਸਵੇਰੇ ਚਾਰ ਕੁ ਵਜੇ ਆਏ ਅਤੇ ਅੱਧੇ ਕੁ ਘੰਟੇ ਵਿੱਚ ਘਟਨਾ ਨੂੰ ਅੰਜ਼ਾਮ ਦੇ ਕੇ ਵਾਪਸ ਚਲੇ ਗਏ। ਇਸ ਘਟਨਾ ਵਿੱਚ ਹਿੰਦ ਗਾਰਮੈਂਟਸ ਤੋਂ ਸਭ ਤੋਂ ਵੱਧ ਡੇਢ ਲੱਖ ਦਾ ਰੈਡੀਮੇਡ ਕਪੜਾ ਚੋਰੀ ਹੋਇਆ। ਨਥਾਣਾ ਦੁਪੱਟਾ ਸੈਂਟਰ ਤੋਂ 50 ਹਜ਼ਾਰ ਦੀ ਨਗ਼ਦੀ ਅਤੇ ਲੋਹੇ ਦਾ ਗੱਲਾ, ਸ਼ਰਮਾ ਬੇਬੀ ਹੱਬ ਤੋਂ 15 ਹਜ਼ਾਰ ਦੀ ਨਗ਼ਦੀ, ਮਹਾਦੇਵ ਮੈਡੀਕੋਜ਼ ਤੋਂ ਤਿੰਨ ਹਜ਼ਾਰ ਦੀ ਨਗਦੀ, ਐੱਮਐੱਸਜੀ ਕਰਿਆਣਾ ਸਟੋਰ ਤੋਂ 14 ਕੁ ਹਜ਼ਾਰ ਦੀ ਨਗ਼ਦੀ, ਸਿੰਗਲਾ ਬਰਤਨ ਸਟੋਰ ਤੋਂ 2 ਹਜ਼ਾਰ ਅਤੇ ਸ਼ੰਕਰ ਜਨਰਲ ਸਟੋਰ ਤੋਂ 18 ਹਜ਼ਾਰ ਦੀ ਨਗ਼ਦੀ, ਕੁੱਝ ਸਾਮਾਨ ਅਤੇ ਵੈੱਬ ਕੈਮਰਾ ਚੋਰੀ ਹੋਇਆ ਹੈ।
ਧਰਨੇ ਵਿੱਚ ਪਹੁੰਚੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਭੁੱਚੋ ਮੰਡੀ ਦੇ ਡੀਐੱਸਪੀ ਰਛਪਾਲ ਸਿੰਘ ਨੇ ਧਰਨਾਕਾਰੀਆਂ ਤੋਂ ਦਸ ਦਿਨਾਂ ਦਾ ਸਮਾਂ ਮੰਗਦਿਆਂ ਕਿਹਾ ਕਿ ਚੋਰਾਂ ਨੂੰ ਜਲਦੀ ਹੀ ਕਾਬੂ ਕਰਕੇ ਦੁਕਾਨਦਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇਗੀ।
ਐਨੀ ਗੱਲ ਸੁਣਦਿਆਂ ਹੀ ਧਰਨਾਕਾਰੀਆਂ ਨੇ ਉਨ੍ਹਾਂ ਦੇ ਇਸ ਭਰੋਸੇ ਨੂੰ ਮੁੱਢੋਂ ਨਕਾਰ ਦਿੱਤਾ ਅਤੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਪਹਿਲਾਂ ਵੀ ਭਰੋਸੇ ਦਿੱਤੇ ਸਨ, ਜੋ ਹਾਲੇ ਤੱਕ ਪੂਰੇ ਨਹੀਂ ਹੋਏ। ਇਸ ਮੌਕੇ ਰੋਹ ਨਾਲ ਭਰੇ ਧਰਨਾਕਾਰੀਆਂ ਨੇ ਆਮ ਆਦਮੀ ਪਾਰਟੀ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇਜਾ ਸਿੰਘ ਦੰਦੀਵਾਲ, ਮੁਕੇਸ਼ ਸ਼ਰਮਾ, ਬੱਬੂ ਕੁਮਾਰ, ਵਿਕਰਮਜੀਤ ਬਿੱਕਾ, ਪ੍ਰਵੀਨ ਕੁਮਾਰ, ਵਿੱਕ ਮੌੜ, ਸਿਕੰਦਰ ਟੇਲਰ ਅਤੇ ਨਿੱਕੀ ਸਿੰਘ ਨੇ ਸੰਬੋਧਨ ਕੀਤਾ। ਅਖੀਰ ਬਾਅਦ ਦੁਪਹਿਰ ਡੀਐੱਸਪੀ ਰਛਪਾਲ ਸਿੰਘ ਨੇ ਮੰਨਿਆ ਕਿ ਇਨ੍ਹਾਂ ਘਟਨਾਵਾਂ ਲਈ ਪੁਲੀਸ ਜ਼ਿੰਮੇਵਾਰ ਹੈ। ਉਨ੍ਹਾਂ ਵੱਲੋਂ ਮੁੜ ਭਰੋਸਾ ਦੁਹਰਾਏ ਜਾਣ ’ਤੇ ਸ਼ਹਿਰ ਵਾਸੀਆਂ ਨੇ ਧਰਨਾ ਚੁੱਕ ਦਿੱਤਾ।