ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਗਸਤ
ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਦੌਰਾਨ ਦਿੱਲੀ ਦੇ ਅੰਦੋਲਨ ਵਿੱਚ ਭਾਗ ਲੈਣ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਦਾ ਮਜ਼ਦੂਰ ਲੀਲਾ ਸਿੰਘ ਲਾਪਤਾ ਹੋ ਗਿਆ ਸੀ। ਪਰਿਵਾਰ ਉਸ ਨੂੰ ਨਵੰਬਰ-2021 ਮਹੀਨੇ ਤੋਂ ਹੀ ਲੱਭ ਰਿਹਾ ਹੈ। ਉਸ ਦੇ ਹੁਣ ਗੁਜਰਾਤ ਵਿਚਲੇ ਸ਼ਹਿਰ ਅਹਿਮਦਾਬਾਦ ਵਿੱਚ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਿਸੇ ਵੱਲੋਂ ਪਾਈ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਉਸ ਨੂੰ ਪਿੰਡ ਲਿਆਉਣ ਲਈ ਜਥੇਬੰਦੀ ਵੱਲੋਂ ਸਾਰਾ ਖ਼ਰਚਾ ਕਰਨ ਦਾ ਐਲਾਨ ਕੀਤਾ ਹੈ।
ਲੀਲਾ ਸਿੰਘ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅੱਜ ਉਸ ਦੇ ਘਰ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਪੁੱਜੇ। ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਹੜੀ ਵੀਡੀਓ ਅਹਿਮਦਾਬਾਦ ਤੋਂ ਵਾਇਰਲ ਹੋਈ ਹੈ, ਉਸ ਵਿੱਚ ਭਾਵੇਂ ਲੀਲਾ ਸਿੰਘ ਦੀ ਤਸਵੀਰ ਸਾਫ਼ ਵਿਖਾਈ ਦਿੰਦੀ ਹੈ, ਪਰ ਜਗ੍ਹਾ ਸਪਸ਼ਨ ਨਹੀਂ ਹੋ ਰਹੀ।
ਪਿੰਡ ਖੀਵਾ ਦਿਆਲੂਵਾਲਾ ਦੇ ਨੌਜਵਾਨ ਲੱਕੀ ਖੀਵਾ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੀਲਾ ਸਿੰਘ ਦਾ ਪੁੱਤਰ ਜਯੋਤੀ ਸਿੰਘ, ਰਣਜੀਤ ਸਿੰਘ, ਜਗਰ ਸਿੰਘ, ਹੈਪੀ ਸਿੰਘ ਸਣੇ ਹੋਰ ਅਹਿਮਦਾਬਾਦ ਪੁੱਜ ਗਏ ਹਨ। ਉਧਰ, ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਜ਼ਦੂਰ ਨੂੰ ਲੱਭਣ ਦੀਆਂ ਕੋਸ਼ਿਸਾਂ ਜਾਰੀ ਹਨ। ਉਸ ਨੂੰ ਲੈ ਕੇ ਆਉਣ ਦਾ ਸਾਰਾ ਖ਼ਰਚ ਜਥੇਬੰਦੀ ਕਰੇਗੀ।