ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਫਰਵਰੀ
ਲਾਗਲੇ ਪਿੰਡ ਚੱਕ ਗਾਧਾਂ ਸਿੰਘ ਵਾਲਾ ਵਿਖੇ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਨੇ ਮਕਤੂਲ ਦੇ ਸਹੁਰੇ ਕਸ਼ਮੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ ਜਦੋਂ ਕਿ ਪਤੀ ਸੰਦੀਪ ਸਿੰਘ ਨੂੰ ਜੁਰਮ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 10 ਜੂਨ 2017 ਨੂੰ ਮੱਖਣ ਸਿੰਘ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਨੇ ਬਰੀਵਾਲਾ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੀ ਲੜਕੀ ਰਿੰਪਲ ਰਾਣੀ ਕਰੀਬ ਸੱਤ ਸਾਲ ਪਹਿਲਾਂ ਸੰਦੀਪ ਸਿੰਘ ਨਾਲ ਵਿਆਹੀ ਸੀ ਉਸ ਦੇ ਦੋ ਬੱਚੇ ਹਨ। ਉਸ ਨੇ ਦੱਸਿਆ ਕਿ ਰਿੰਪਲ ਰਾਣੀ ਨਾਲ ਉਸ ਦਾ ਸਹੁਰਾ ਕਸ਼ਮੀਰ ਸਿੰਘ, ਸੱਸ ਬਲਵਿੰਦਰ ਕੌਰ, ਪਤੀ ਸੰਦੀਪ ਸਿੰਘ ਅਕਸਰ ਹੀ ਲੜਾਈ ਝਗੜਾ ਕਰਦੇ ਰਹਿੰਦੇ ਸਨ ਕਿਉਂਕਿ ਉਸ ਦੀ ਸੱਸ ਦੇ ਆਪਣੇ ਦਿਓਰ ਅੰਗਰੇਜ਼ ਸਿੰਘ ਨਾਲ ਕਥਿਤ ਤੌਰ ’ਤੇ ਨਜਾਇਜ਼ ਸਬੰਧ ਸਨ ਤੇ ਉਸ ਦੀ ਲੜਕੀ ਉਨ੍ਹਾਂ ਨੂੰ ਵਰਜਦੀ ਸੀ। ਇਸ ਤੋਂ ਖਫ਼ਾ ਹੋ ਕੇ ਕਸ਼ਮੀਰ ਸਿੰਘ, ਬਲਵਿੰਦਰ ਕੌਰ, ਸੰਦੀਪ ਸਿੰਘ ਤੇ ਅੰਗਰੇਜ਼ ਸਿੰਘ ਨੇ ਰਿੰਪਲ ਰਾਣੀ ਦਾ ਕਤਲ ਕਰ ਦਿੱਤਾ। ਇਸ ਸਬੰਧ ਵਿੱਚ ਥਾਣਾ ਬਰੀਵਾਲਾ ਦੀ ਪੁਲੀਸ ਨੇ ਇਨ੍ਹਾਂ ਚਾਰਾਂ ਖਿਲਾਫ ਕੇਸ ਦਰਜ ਕੀਤਾ ਸੀ। ਜ਼ਿਲ੍ਹਾ ਅਟਾਰਟੀ ਸੰਦੀਪ ਗਿਰਧਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਕਸ਼ਮੀਰ ਸਿੰਘ ਨੂੰ ਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ ਜਦੋਂ ਕਿ ਇਸ ਕੇਸ ਵਿੱਚ ਸ਼ਾਮਲ ਇਕ ਦੋਸ਼ੀ ਜੋ ਮ੍ਰਿਤਕ ਦਾ ਚਾਚਾ ਸਹੁਰਾ ਅੰਗਰੇਜ਼ ਸਿੰਘ ਦੀ ਮੁਕਦਮੇ ਦੌਰਾਨ ਮੌਤ ਹੋ ਗਈ ਸੀ ਅਤੇ ਮ੍ਰਿਤਕ ਦੀ ਸੱਸ ਬਲਵਿੰਦਰ ਕੌਰ ਅਜੇ ਤੱਕ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ।