ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਕਤੂਬਰ
ਮੀਂਹ ਕਾਰਨ ਇਲਾਕੇ ਵਿੱਚ ਡਿੱਗੇ ਮਕਾਨਾਂ, ਨਰਮੇ ਦੇ ਮੁਆਵਜ਼ੇ ਅਤੇ ਕੱਚੇ ਪਲਾਟਾਂ ਦੀ ਮਾਲਕੀ ਦੇ ਸਰਟੀਫਿਕੇਟ ਜਾਰੀ ਕਰਵਾਉਣ ਸਬੰਧੀ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਅੱਜ ਮਾਨਸਾ ਦੇ ਐੱਸਡੀਐੱਮ ਹਰਜਿੰਦਰ ਸਿੰਘ ਜੱਸਲ ਨਾਲ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਕ੍ਰਿਸ਼ਨ ਚੌਹਾਨ, ਸੀਤਾ ਰਾਮ ਗੋਬਿੰਦਪੁਰਾ, ਜਰਨੈਲ ਸਿੰਘ ਸਰਦੂਲਗੜ੍ਹ ਅਤੇ ਸੁਖਦੇਵ ਸਿੰਘ ਮਾਨਸਾ ਦੀ ਅਗਵਾਈ ਹੇਠ ਐੱਸਡੀਐੱਮ ਨੂੰ ਮਿਲੇ ਵਫ਼ਦ ਨੇ ਮੀਟਿੰਗ ਦੌਰਾਨ ਗੁਲਾਬੀ ਸੁੰਡੀ-ਚਿੱਟੀ ਮੱਖੀ ਕਾਰਨ ਨਰਮੇ ਦੀ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਜਾਰੀ ਨਾ ਕਰਨ, ਦਲਿਤਾਂ ਮਜਦੂਰਾਂ ਦੀ ਕਰਜ਼ਾ ਮੁਆਫ਼ੀ ਆਦਿ ਮੰਗਾਂ ਪੂਰੀਆਂ ਨਾ ਕਰਨ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਇਸ ਦੌਰਾਨ ਉਨ੍ਹਾਂ ਪੰਚਾਇਤੀ ਜ਼ਮੀਨਾਂ ’ਚ 1/3 ਹਿੱਸੇਦਾਰੀ, ਮਨਰੇਗਾ ਵਿੱਚ ਹੋ ਰਿਹਾ ਘਪਲਾ ਰੋਕਣ, ਉਸਾਰੀ ਕਾਮਿਆਂ ਲਈ ਬੈਠਣ ਦਾ ਪ੍ਰਬੰਧ ਕਰਨ, ਘੱਟੋ-ਘੱਟ ਉਜਰਤ 700 ਰੁਪਏ ਤੇ 10 ਮਰਲੇ ਦਾ ਪਲਾਟ ਦੇਣ ਦੀ ਮੰਗ ਕੀਤੀ।