ਇਕਬਾਲ ਸਿੰਘ ਸ਼ਾਂਤ
ਲੰਬੀ, 26 ਮਈ
ਪਿੰਡ ਬਾਦਲ ਦੇ ਜਾਅਲੀ ਸ਼ਰਾਬ ਜਖੀਰੇ ਦੇ ਮਾਮਲੇ ਦੀਆਂ ਕੜੀਆਂ ਮਿਲਾਉਣ ਵਿਚ ਜੁੱਟੇ ਆਬਕਾਰੀ ਵਿਭਾਗ ਦੀ ਟੀਮ ਨੂੰ ਜਾਂਚ ਦੌਰਾਨ ਐੱਸ.ਐੱਸ.ਆਰ. ਬੌਟਲਿੰਗ ਪਲਾਂਟ ਵਿੱਚੋਂ ਅੱਜ ਨਵੀਂ ਹਕੀਕਤ ਹਾਸਲ ਹੋਈ। ਆਬਕਾਰੀ ਟੀਮ ਨੂੰ ਪਤਾ ਲੱਗਾ ਹੈ ਕਿ ਪਿਛਲੇ ਕਰੀਬ ਤਿੰਨ ਹਫ਼ਤਿਆਂ ’ਚ ਬੌਟਲਿੰਗ ਪਲਾਂਟ ਦੇ ਸੀਸੀਟੀਵੀ ਕੈਮਰੇ ਲਗਾਤਾਰ ਚਾਰ ਦਿਨ ਬੰਦ ਰਹੇ ਸਨ। ਇਸ ਤੋਂ ਨਵੇਂ ਸਵਾਲ ਖੜ੍ਹੇ ਹੋ ਗਏ ਹਨ ਅਤੇ ਨਾਲ ਹੀ ਪੜਤਾਲ ਨੂੰ ਨਵੀਂ ਰਾਹ ਹਾਸਲ ਹੋਈ ਹੈ।
ਆਬਕਾਰੀ ਵਿਭਾਗ ਪੰਜਾਬ ਨੇ ਐੱਸ.ਐੱਸ.ਆਰ ਬੌਟਲਿੰਗ ਪਲਾਂਟ ਵਿੱਚ ਤਾਇਨਾਤ ਆਬਕਾਰੀ ਇੰਸਪੈਕਟਰ ਮਨਦੀਪ ਸਿੰਘ ਨੂੰ ਅੱਜ ਮੁਅੱਤਲ ਕਰ ਦਿੱਤਾ।
ਉੱਧਰ, ਅਦਾਲਤ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਤਿੰਨੋਂ ਮੁਲਜ਼ਮਾਂ ਮੈਨੇਜਰ ਆਨੰਦ ਸ਼ਰਮਾ, ਜਸ਼ਨ ਖਿਉਵਾਲੀ ਤੇ ਪ੍ਰਗਟ ਸਿੰਘ ਲੰਬੀ ਨੂੰ ਅੱਜ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਮੁਲਜ਼ਮ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਸਨ। ਦੇਰ ਸ਼ਾਮ ਤੱਕ ਮੁਲਾਜਮਾਂ ਨੂੰ ਜੇਲ ਭੇਜਣ ਖਾਤਰ ਉਨ੍ਹਾਂ ਦੀ ਕੋਰੋਨਾ ਸੈਂਪਲ ਦੀ ਰਿਪੋਰਟ ਉਡੀਕੀ ਜਾ ਰਹੀ ਸੀ।
ਹੈਰਾਨੀ ਦੀ ਗੱਲ ਹੈ ਕਿ ਸਿਰਫ਼ ਢਾਈ ਕਿਲੋਮੀਟਰ ਦੀ ਦੂਰੀ ’ਤੇ ਮਾਲ ਵਿਭਾਗ (ਸਬ ਤਹਿਸੀਲ ਲੰਬੀ) ਨੂੰ ਅੱਜ ਦੂਸਰੇ ਦਿਨ ਵੀ ਬਾਗ ਰਕਬੇ ਦੀ ਫ਼ਰਦ ਵਗੈਰ੍ਹਾ ਸਬੰਧੀ ਅੱਜ ਵੀ ਪੁਲੀਸ ਵੱਲੋਂ ਕੋਈ ਪੱਤਰ ਨਹੀਂ ਮਿਲਿਆ। ਸਰਕਾਰੀ ਸੂਤਰਾਂ ਮੁਤਾਬਕ ਐੱਸ.ਐੱਸ.ਆਰ. ਬੌਟਲਿੰਗ ਪਲਾਂਟ ਪ੍ਰਬੰਧਨ ਨੇ ਕੈਮਰੇ ਬੰਦ ਹੋਣ ਨੂੰ ਤਕਨੀਕੀ ਖ਼ਰਾਬੀ ਦੱਸਿਆ ਹੈ। ਨਿਯਮਾਂ ਮੁਤਾਬਕ ਇਹ ਕੈਮਰੇ ਇੱਕ ਮਿੰਟ ਲਈ ਵੀ ਬੰਦ ਨਹੀਂ ਹੋ ਸਕਦੇ।
ਅੱਜ ਆਬਕਾਰੀ ਤੇ ਕਰ ਅਧਿਕਾਰੀ ਵਿਕਰਮ ਠਾਕੁਰ, ਆਬਕਾਰੀ ਇੰਸਪੈਕਟਰ ਗੁਰਵਿੰਦਰ ਸਿੰਘ, ਮੁਨੀਸ਼ ਕੁਮਾਰ ਅਤੇ ਜਸਵਿੰਦਰ ਸਿੰਘ ਨੇ ਘੰਟਿਆਂਬੱਧੀ ਬੌਟਲਿੰਗ ਪਲਾਂਟ ਦੇ ਸੀਸੀਟੀਵੀ ਕੈਮਰੇ ਫਰੋਲੇ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸੁਖਚੈਨ ਸਿੰਘ ਨੇ ਕਿਹਾ ਕਿ ਬੌਟਲਿੰਗ ਪਲਾਂਟ ਵਿੱਚ ਤਾਇਨਾਤ ਰਹੇ ਆਬਕਾਰੀ ਇੰਸਪੈਕਟਰ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਸ ਦੀ ਹਾਜ਼ਰੀ ਆਬਕਾਰੀ ਮੁੱਖ ਦਫ਼ਤਰ ਵਿੱਚ ਲੱਗੇਗੀ। ਇਸੇ ਦੌਰਾਨ ਲੰਬੀ ਥਾਣੇ ਦੇ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿ ਅਦਾਲਤ ਵੱਲੋਂ ਤਿੰਨੋਂ ਮੁਲਜਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।