ਪੱਤਰ ਪ੍ਰੇਰਕ
ਭਾਈਰੂਪਾ, 5 ਜੁਲਾਈ
ਕਸਬਾ ਮਹਿਰਾਜ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਜਿਸ ਕਾਰਨ ਇੱਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਮਹਿਰਾਜ ਵਾਸੀ ਨਿਰੰਜਣ ਸਿੰਘ ਮਿੱਠੂ ਵੈਦ, ਪ੍ਰਧਾਨ ਨੈਬ ਸਿੰਘ, ਪ੍ਰਧਾਨ ਗੁਰਤੇਜ ਸਿੰਘ, ਅਮਰਜੀਤ ਸਿੰਘ, ਮਨਵੀਰ ਸਿੰਘ ਮੰਨਾ ਨੇ ਦੱਸਿਆ ਕਿ ਖਰਾਬ ਸੀਵਰੇਜ ਸਿਸਟਮ ਕਸਬੇ ਦੇ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਜਿਸ ਬਾਰੇ ਉਹ ਵੱਖ-ਵੱਖ ਸਰਕਾਰਾਂ ਅੱਗੇ ਅਪੀਲ ਵੀ ਕਰ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦਾ ਖੁੱਲ੍ਹਾ ਪਾਣੀ ਜਿਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉਥੇ ਥਾਂ-ਥਾਂ ਪਈ ਗੰਦਗੀ ਕਾਰਨ ਲੋਕਾਂ ਦਾ ਆਪਣੇ ਘਰਾਂ ਵਿੱਚ ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਖੁੱਲ੍ਹੇ ਪਾਣੀ ਵਿੱਚੋਂ ਬਦਬੂ ਮਾਰ ਰਹੀ ਹੈ ’ਤੇ ਦਿਨ ਰਾਤ ਜਿਉਂਦੇ ਜੀਅ ਨਰਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਵਾਸੀਆਂ ਵਲੋਂ ਡੀਸੀ ਬਠਿੰਡਾ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਇਸ ਸਮੱਸਿਆ ਤੋਂ ਲੋਕਾਂ ਨੂੰ ਜਲਦ ਛੁਟਕਾਰਾ ਦਿਵਾਇਆ ਜਾਵੇ।