ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 19 ਜੂਨ
ਤੜਕਸਾਰ ਆਏ ਤੂਫਾਨ ਤੇ ਮੀਂਹ ਕਾਰਨ ਜਲਾਲਾਬਾਦ ਹਲਕੇ ’ਚ ਭਾਰੀ ਤਬਾਹੀ ਹੋਈ। ਤੂਫਾਨ ਦੇ ਨਾਲ ਕਈ ਰਾਈਸ ਮਿੱਲਾਂ, ਫੈਕਟਰੀਆਂ ਤੇ ਗੋਦਾਮਾਂ ਦੀਆਂ ਦੀਵਾਰਾਂ ਤੇ ਛੱਤਾਂ ਡਿੱਗ ਪਈਆਂ ਅਤੇ ਸ਼ੈਲਰਾਂ ਦੀਆਂ ਚਾਦਰਾਂ ਉੱਡਣ ਤੇ ਦੀਵਾਰਾਂ ਡਿੱਗਣ ਕਾਰਣ ਹੇਠਾਂ ਮਸ਼ੀਨਰੀ ਤੇ ਸਟੋਰ ਕੀਤਾ ਚਾਵਲ ਦਾ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਦਰਖਤ ਤੇ ਖੰਭੇ ਵੀ ਡਿੱਗੇ, ਜਿਸ ਕਾਰਣ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਵੀ ਪ੍ਰਭਾਵਤ ਰਹੀ। ਉਧਰ ਇਸ ਘਟਨਾ ’ਚ ਸ਼ਹਿਰ ਦੇ ਅਰਾਈਆਂ ਵਾਲਾ ਰੋਡ ’ਤੇ ਬਾਬਾ ਰਾਮ ਦੇਵ ਮੰਦਿਰ ਨਜ਼ਦੀਕ 4 ਮਕਾਨਾਂ ਨੁੂੰ ਨੁਕਸਾਨ ਪਹੁੰਚਿਆ ਤੇ ਕੁੱਲ ਰਾਈਸ ਮਿਲ ਦੇ ਕਰਮਚਾਰੀ ਸਮੇਤ ਕੁੱਲ 5 ਲੋਕਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਜਲਾਲਾਬਾਦ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜ਼ਖਮੀਆਂ ’ਚ ਜੱਲਾ ਰਾਮ, ਸ਼ਾਲੂ, ਨਰਵੀ ਦੇਵੀ ਤੇ ਦਾਖੋ ਬਾਈ, ਅਸ਼ਨ ਕੁਮਾਰ ਸ਼ਾਮਲ ਹਨ। ਉਧਰ, ਜਲਾਲਾਬਾਦ ’ਚ ਹੋਏ ਨੁਕਸਾਨ ਦਾ ਤਹਿਸੀਲਦਾਰ ਨੇ ਵੱਖ-ਵੱਖ ਥਾਵਾਂ ’ਤੇ ਜਾ ਕੇ ਨਿਰੀਖਣ ਕੀਤਾ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 3 ਵਜੇ ਹਲਕੀ ਬਰਸਾਤ ਸ਼ੁਰੂ ਹੋ ਗਈ ਅਤੇ ਇਸ ਦੇ ਨਾਲ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਹਵਾਵਾਂ ਨੇ ਤੂਫਾਨ ਦਾ ਰੂਪ ਧਾਰਨ ਕਰ ਲਿਆ ਅਤੇ ਇਸ ਤੂਫਾਨ ਕਾਰਨ ਸ਼ਹਿਰ ਦੇ ਕਾਹਨੇ ਵਾਲਾ ਰੋਡ ਤੇ ਐਸਐਮ ਇਡੰਸਟ੍ਰੀਜ, ਚੁੱਘ ਇੰਡਸਟ੍ਰੀਜ ਦਾ ਕਾਫੀ ਨੁਕਸਾਨ ਹੋਇਆ। ਇਸੇ ਤਰ੍ਹਾਂ ਅਰਾਈਆਂ ਵਾਲਾ ਰੋਡ ’ਤੇ ਕੇ.ਜੀ. ਇੰਡਸਟ੍ਰੀਜ਼, ਗੋਰਾਇਆ ਇੰਡਸਟ੍ਰੀਜ ਤੇ ਕੇ.ਸੀ. ਸੋਲਵੈਂਟ ਤੇ ਵੀ ਕਾਫੀ ਨੁਕਸਾਨ ਹੋਇਆ । ਇਸੇ ਤਰ੍ਹਾਂ ਮੋਹਕਮ ਅਰਾਈਆਂ ਰੋਡ ਤੇ ਕੇ.ਜੀ.ਐਮ ਪਾਈਪ ਫੈਕਟਰੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਜਿੱਥੇ ਦੀਵਾਰਾਂ ਡਿੱਗ ਪਈਆਂ ਤੇ ਛੱਤਾਂ ਉੱਡਣ ਕਾਰਣ ਕਾਫੀ ਨੁਕਸਾਨ ਹੋਇਆ। ਤਹਿਸੀਲਦਾਰ ਡੀ.ਪੀ. ਪਾਂਡੇ ਨੇ ਮੌਕੇ ’ਤੇ ਜਾ ਕੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਸਬੰਧਤ ਪਟਵਾਰੀ ਨੂੰ ਹੋਏ ਨੁਕਸਾਨ ਦੀ ਰਿਪੋਰਟ ਜਾਰੀ ਕਰਨ ਦੇ ਹੁਕਮ ਦਿੱਤੇ।
ਬਾਰਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਮੰਡੀ ਘੁਬਾਇਆ (ਕੁਲਦੀਪ ਸਿੰਘ ਬਰਾੜ): ਪੰਜਾਬ ਵਿੱਚ ਵੱਖ -ਵੱਖ ਥਾਵਾਂ ਤੇ ਹੋਈ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਝੋਨੇ ਦੇ ਬੂਟਿਆਂ ਦਾ ਗਰਮੀ ਕਾਰਨ ਸੜਨ ਦੀਆਂ ਖ਼ਬਰਾਂ ਆ ਰਹੀਆਂ ਸਨ। ਪਰ ਦੇਰ ਰਾਤ ਹੋਈ ਬਾਰਿਸ਼ ਨੇ ਲੋਕਾਂ ਦੇ ਚਿਹਰੇ ਉਪਰ ਰੌਣਕ ਲਿਆ ਦਿੱਤੀ ਹੈ। ਕਿਸਾਨ ਆਗੂ ਗੁਰਚਰਨ ਸਿੰਘ ਬਰਾੜ ,ਲਵਪ੍ਰੀਤ ਬਰਾੜ ਅਤੇ ਮਨਦੀਪ ਬਰਾੜ ਇਥੇ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਇਹ ਪ੍ਰਮਾਤਮਾ ਵੱਲੋਂ ਕਿਸਾਨਾਂ ਨੂੰ ਬਾਰਸ਼ ਦੇ ਰੂਪ ਵਿੱਚ ਸੌਗਾਤ ਦਿੱਤੀ ਗਈ ਹੈ। ਇਸ ਨਾਲ ਝੋਨੇ ਨੂੰ ਸੜਨ ਤੋਂ ਰਾਹਤ ਮਿਲੇਗੀ ।