ਰਾਜਿੰਦਰ ਵਰਮਾ
ਭਦੌੜ, 5 ਅਗਸਤ
ਹਸਪਤਾਲ ਬਚਾਓ ਕਮੇਟੀ ਵੱਲੋਂ ਕਸਬੇ ਦੇ ਮੁੱਖ ਤਿੰਨਕੋਣੀ ਚੌਕ ਵਿੱਚ ਲਗਾਇਆ ਗਿਆ ਧਰਨਾ ਸਥਾਨਕ ਸਿਵਲ ਹਸਪਤਾਲ ਵਿੱਚ ਡਾਕਟਰ ਦੇ ਆਉਣ ਤੋਂ ਬਾਅਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਹਾਜ਼ਰੀ ’ਚ ਚੁੱਕਿਆ ਗਿਆ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਹਰਜਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਓਂਕਾਰ ਸਿੰਘ ਬਰਾੜ, ਕੁਲਵੰਤ ਸਿੰਘ ਮਾਨ, ਰਾਜਿੰਦਰ ਸਿੰਘ ਤੇ ਬਿੰਦਰਪਾਲ ਕੌਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਭਦੌੜ ਦੇ ਸਰਕਾਰੀ ਹਸਪਤਾਲ ਨੂੰ ਅਣਗੌਲਿਆਂ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਹਸਪਤਾਲ ’ਚੋਂ ਡਾਕਟਰਾਂ ਸਮੇਤ ਸਟਾਫ਼ ਨਰਸਾਂ ਦੀ ਵੀ ਬਦਲੀ ਕਰ ਦਿੱਤੀ ਗਈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਵਾਅਦਾ ਕਰ ਕੇ ਸਰਕਾਰ ਬਣਾਈ ਸੀ ਪਰ ਸਰਕਾਰ ਹੁਣ ਭਦੌੜ ਦਾ ਸਿਵਲ ਹਸਪਤਾਲ ਹੀ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਡੈਪੂਟੇਸ਼ਨ ’ਤੇ ਡਾਕਟਰ ਤਾਂ ਭੇਜੇ ਪਰ ਚੋਣਾਂ ਖ਼ਤਮ ਹੁੰਦਿਆਂ ਹੀ ਡਾਕਟਰਾਂ ਦੀ ਬਦਲੀ ਹੋ ਜਾਂਦੀ ਸੀ। ਹੁਣ ‘ਆਪ’ ਸਰਕਾਰ ਵੀ ਉਸੇ ਰਾਹ ’ਤੇ ਤੁਰੀ ਹੋਈ ਹੈ। ਧਰਨਾਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਸਪਤਾਲ ’ਚੋਂ ਡਾਕਟਰ ਅਤੇ ਹੋਰ ਅਮਲੇ ਦੀ ਬਦਲੀ ਕੀਤੀ ਤਾਂ ਵੱਡੀ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਉੱਧਰ, ਧਰਨੇ ’ਚ ਪੁੱਜੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਭਦੌੜ ਦੇ ਹਸਪਤਾਲ ਵਿੱਚ ਤਾਇਨਾਤ ਕੀਤੇ ਪੰਜ ਡਾਕਟਰ ਅਤੇ ਦੋ ਸਟਾਫ਼ ਨਰਸਾਂ ਦੇ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਇਹ ਡਾਕਟਰ ਤੇ ਸਟਾਫ ਨਰਸਾਂ ਭਦੌੜ ਹਸਪਤਾਲ ’ਚ ਭਲਕ ਤੱਕ ਆ ਜਾਣਗੀਆਂ। ਵਿਧਾਇਕ ਨੇ ਕਿਹਾ ਕਿ ‘ਆਪ’ ਸਰਕਾਰ ਬਣੀ ਨੂੰ ਪੰਜ ਮਹੀਨੇ ਹੋਏ ਹਨ ਤੇ ਸਰਕਾਰ ਹੋਲੀ-ਹੋਲੀ ਪੰਜਾਬ ਦੀ ਉਲਝੀ ਹੋਈ ਤਾਣੀ ਨੂੰ ਸੁਲਝਾ ਰਹੀ ਹੈ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਹਸਪਾਤਲ ’ਚੋਂ ਕਿਸੇ ਵੀ ਡਾਕਟਰ ਦੀ ਬਦਲੀ ਨਹੀਂ ਹੋਵੇਗੀ। ਜੇਕਰ ਅਜਿਹਾ ਹੋਇਆ ਤਾਂ ਉਹ ਭਦੌੜ ਵਾਲਿਆਂ ਦੇ ਨਾਲ ਖੜ੍ਹਨਗੇ।