ਬਲਜੀਤ ਸਿੰਘ
ਸਰਦੂਲਗੜ੍ਹ, 7 ਸਤੰਬਰ
ਹਲਕਾ ਸਰਦੂਲਗੜ੍ਹ ਦੇ ਕਰੀਬ ਇਕ ਦਰਜਨ ਪਿੰਡਾਂ ਵਿੱਚੋਂ ਲੰਘ ਰਹੀ ਭਾਖੜਾ ਮੇਨ ਬ੍ਰਾਂਚ ਦੇ ਟੁੱਟ ਚੁੱਕੇ ਬੈੱਡ ਅਤੇ ਖੁਰ ਚੁੱਕੇ ਕਿਨਾਰੇ ਕਿਸੇ ਵੀ ਵੇਲੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ ਪਰ ਸਬੰਧਤ ਮਹਿਕਮੇ ਅਤੇ ਸਰਕਾਰ ਦੇ ਕੰਨ ’ਤੇ ਜੂੰ ਸਰਕਦੀ ਨਜ਼ਰ ਨਹੀ ਆ ਰਹੀ। ਕੁਸਲਾ ਹੈੱਡ ਵਰਕਸ ਤੋੰ ਲੈਕੇ ਗੋਲੇਵਾਲਾ ਹੈੱਡ ਵਰਕਸ ਤੱਕ ਭਾਖੜਾ ਦੇ ਕਿਨਾਰੇ ਅੱਧੀ ਦਰਜਨ ਤੋਂ ਜ਼ਿਆਦਾ ਥਾਂ ’ਤੇ ਖੁਰੇ ਹੋਏ ਹਨ। ਨਹਿਰ ਦੇ ਪੱਕੀਆਂ ਇੱਟਾਂ ਨਾਲ ਬਣਾਏ ਬੈੱਡ ਭਾਖੜਾ ਦੇ ਪਾਣੀ ਵਿੱਚ ਖੁਰ ਚੁੱਕੇ ਹਨ ਤੇ ਨਹਿਰ ਸਿਰਫ ਆਪਣੇ ਮਿੱਟੀ ਦੇ ਕਿਨਾਰਿਆਂ ਸਹਾਰੇ ਖੜ੍ਹੀ ਹੈ। ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਨਹਿਰ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ ਕਿਉਂਕਿ ਜੇ ਕੋਈ ਅਣਸਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਪੱਕਣ ’ਤੇ ਆਈ ਝੋਨੇ ਅਤੇ ਨਰਮੇ ਦੀ ਫਸਲ ਬਰਬਾਦ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋ ਕਰੀਬ 6-7 ਸਾਲ ਪਹਿਲਾਂ 2.5 ਕਰੋੜ ਦੇ ਬਜਟ ਨਾਲ ਭਾਖੜਾ ਦੇ ਟੁੱਟੇ ਕਿਨਾਰਿਆਂ ਦੀ ਮੁਰੰਮਤ ਕਰਵਾਈ ਗਈ ਸੀ ਪਰ ਨਹਿਰ ਦੇ ਉਸ ਮੁਰੰਮਤ ਵਾਲੀ ਜਗਾ ਤੋਂ ਹੀ ਕਿਨਾਰੇ ਜ਼ਿਆਦਾ ਖਸਤਾ ਹਾਲਤ ਵਿੱਚ ਹਨ। ਨੇੜਲੇ ਪਿੰਡਾਂ ਦੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਭਾਖੜਾ ਮੇਨ ਬ੍ਰਾਂਚ ਦੇ ਟੁੱਟ ਚੁੱਕੇ ਬੈੱਡ ਅਤੇ ਖੁਰ ਚੁੱਕੇ ਕਿਨਾਰਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਖਸਤਾ ਹਾਲ ਕਿਨਾਰਿਆਂ ਕਾਰਨ ਉਨ੍ਹਾਂ ਨੂੰ ਹਰ ਵੇਲੇ ਡਰ ਵਾਲੇ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ।
ਹਰਿਆਣਾ ਸਰਕਾਰ ਵੱਲੋਂ ਫੰਡ ਆਉਣ ਮਗਰੋਂ ਮੁਰੰਮਤ ਕਰਵਾ ਦਿੱਤੀ ਜਾਵੇਗੀ: ਐੱਸਡੀਓ
ਵਿਭਾਗ ਦੇ ਐੱਸਡੀਓ ਗੁਣਦੀਪ ਸਿੰਘ ਨੇ ਕਿਹਾ ਕਿ ਭਾਖੜਾ ਨਹਿਰ ਦੇ ਕਮਜ਼ੋਰ ਕਿਨਾਰਿਆਂ ਦਾ ਮਸਲਾ ਸਾਡੇ ਧਿਆਨ ਵਿੱਚ ਹੈ। ਭਾਖੜਾ ਨਹਿਰ ਦੇ ਰੱਖ ਰਖਾਵ ਅਤੇ ਮੁਰੰਮਤ ਦਾ ਕੰਮ ਹਰਿਆਣਾ ਕੋਲ ਹੈ ਅਸੀਂ ਇਸ ਬਾਰੇ ਹਰਿਆਣਾ ਸਰਕਾਰ ਤੋਂ ਫੰਡ ਦੀ ਮੰਗ ਕੀਤੀ ਹੋਈ ਹੈ। ਜਦ ਵੀ ਹਰਿਆਣਾ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤੇ ਜਾਣਗੇ ਤਾਂ ਮੁਰੰਮਤ ਕਰਵਾ ਦਿੱਤੀ ਜਾਵੇਗੀ।