ਸੀ. ਮਾਰਕੰਡਾ
ਤਪਾ ਮੰਡੀ, 3 ਜੂਨ
ਅੱਜ ਸਵੇਰੇ ਹੀ ਬਰਨਾਲਾ-ਬਠਿੰਡਾ ਹਾਈਵੇ ਰੋਡ ਲਾਗੇ ਹੀਰੋ ਹੌਂਡਾ ਸ਼ੋਅ ਰੂਮ ਵਿੱਚ ਅੱਗ ਲੱਗਣ ਕਾਰਨ ਹਫਰਾ ਤਫ਼ਰੀ ਮੱਚ ਗਈ। ਸ਼ੋਅ ਰੂਮ ਦੇ ਮਾਲਕ ਰੋਜ਼ਾਨਾ ਵਾਂਗ ਆਥਣੇ ਆਪਣਾ ਕਾਰੋਬਾਰ ਬੰਦ ਕਰਕੇ ਚਲੇ ਗਏ ਸਨ। ਸਵੇਰੇ ਸੈਰ ਕਰਦੇ ਇੱਕ ਵਿਅਕਤੀ ਨੇ ਜਦੋਂ ਸ਼ੋਅ ਰੂਮ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਾਟਾਂ ਨਿਕਲਦੀਆਂ ਵੇਖੀਆਂ ਤਾਂ ਉਸਨੇ ਮਾਲਕਾਂ ਨੂੰ ਸੂਚਿਤ ਕਰਕੇ ਆਲੇ ਦੁਆਲੇ ਦੇ ਲੋਕ ਇਕੱਠੇ ਕਰ ਕੇ ਅੱਗ ਤੇ’ ਕਾਬੂ ਪਾਉਣ ਲਈ ਜੱਦੋਜਹਿਦ ਕਰਨ ਲੱਗੇ। ਪੁਲੀਸ ਪਾਰਟੀ ਵੀ ਮੌਕੇ ’ਤੇ ਪਹੁੰਚ ਗਈ। ਬਰਨਾਲਾ ਤੋਂ ਦੋ ਅੱਗ ਬੁਝਾਊ ਇੰਜਣ ਮੰਗਵਾ ਕੇ ਅੱਗ ’ਤੇ ਕਾਬੂ ਪਾਇਆ। ਸੋ਼ੋਅ ਰੂਮ ਦੇ ਮਾਲਕ ਸੰਜੀਵ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਈ 7-8 ਨਵੇਂ ਮੋਟਰਸਾਈਕਲ, ਸਕੂਟਰੀਆਂ, ਫਰਨੀਚਰ, ਸਪੇਅਰ ਪਾਰਟਸ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਡੀਐੱਸਪੀ ਰਵਿੰਦਰ ਸਿੰਘ ਰੰਧਾਵਾ, ਥਾਣਾ ਮੁਖੀ ਨਰਾਇਣ ਸਿੰਘ ਤੇ ਸਿਟੀ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਬਿਜਲੀ ਦੀ ਸਪਾਰਕਿੰਗ ਨਾਲ ਅੱਗ ਲੱਗ ਗਈ ਹੋਵੇ। ਇਸ ਹਾਦਸੇ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ।