ਪੱਤਰ ਪ੍ਰੇਰਕ
ਲੰਬੀ, 6 ਜੂਨ
ਬੀਤੀ ਰਾਤ ਪਿੰਡ ਮਹਿਣਾ ਵਿਖੇ ਡੱਬਵਾਲੀ-ਮਲੋਟ ਜਰਨੈਲੀ ਸੜਕ ’ਤੇ ਰਾਜਧਾਨੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਵੱਲੋਂ ਕਾਰ ਨੂੰ ਟੱਕਰ ਮਾਰਨ ’ਤੇ 29 ਸਾਲਾ ਮਿਸਤਰੀ ਗੁਰਚਰਨ ਸਿੰਘ ਦੀ ਮੌਤ ਹੋ ਗਈ। ਜਦਕਿ ਉਸ ਦੇ ਸਾਥੀ ਮਿਸਤਰੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਲੰਬੀ ਪੁਲੀਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਅੱਜ ਸ਼ਾਮ ਮ੍ਰਿਤਕ ਦੇ ਵਾਰਸਾਂ ਨੇ ਦਰਜ ਕੇਸ ਵਿੱਚ ਬੱਸ ਡਰਾਈਵਰ ਦਾ ਨਾਂ ਹੋਣ ਦੇ ਖਿਲਾਫ਼ ਲਾਸ਼ ਸਮੇਤ ਥਾਣੇ ਮੂਹਰੇ ਜਰਨੈਲੀ ਸੜਕ ‘ਤੇ ਜਾਮ ਲਗਾ ਕੇ ਧਰਨਾ ਲਗਾ ਦਿੱਤਾ। ਧਰਨੇ ਦੌਰਾਨ ਪਿੰਡ ਲੁਹਾਰਾ ’ਚ ਪੁਲੀਸ ਵੱਲੋਂ ਢੁੱਕਵੀਂ ਕਾਰਵਾਈ ਨਾ ਕਰਨ ਬਾਰੇ ਹੋਕਾ ਦੇਣ ‘ਤੇ ਵੱਡੀ ਗਿਣਤੀ ਪਿੰਡ ਵਾਸੀ ਲੰਬੀ ਥਾਣੇ ਮੂਹਰੇ ਧਰਨੇ ‘ਚ ਪੁੱਜ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਤੁਰੰਤ ਡਰਾਈਵਰ ਦਾ ਨਾਂ ਕੇਸ ’ਚ ਸ਼ਾਮਲ ਕਰੇ, ਉਹ ਤਦ ਹੀ ਲਾਸ਼ ਦਾ ਅੰਤਿਮ ਸੰਸਕਾਰ ਕਰਨਗੇ।
ਜਾਣਕਾਰੀ ਅਨੁਸਾਰ ਪਿੰਡ ਲੁਹਾਰਾ ਵਾਸੀ ਗੁਰਚਰਨ ਸਿੰਘ ਆਲਟੋ ਕਾਰ ’ਤੇ ਬਲਵਿੰਦਰ ਸਿੰਘ ਤੇ ਮੋਨੂੰ ਨੂੰ ਉਸ ਦੇ ਪਿੰਡ ਛੱਡਣ ਜਾ ਰਹੇ ਹਨ। ਪਿੰਡ ਮਹਿਣਾ ‘ਚ ਰਾਜਧਾਨੀ ਕੰਪਨੀ ਦੀ ਬੱਸ ਨੰਬਰ ਪੀ.ਬੀ. 07ਬੀ.ਕਿਊ/4100 ਨੇ ਲਾਪ੍ਰਵਾਹੀ ਤੇ ਤੇਜ਼ ਰਫ਼ਤਾਰ ਨਾਲ ਗੁਰਚਰਨ ਸਿੰਘ ਦੀ ਆਲਟੋ ਕਾਰ ਵਿੱਚ ਟੱਕਰ ਮਾਰੀ। ਨਤੀਜੇ ਵਜੋਂ ਆਲਟੋ ਕਾਰ ਪਲਟ ਗਈ। ਹਾਦਸੇ ਵਿੱਚ ਗੁਰਚਰਨ ਸਿੰਘ, ਬਲਵਿੰਦਰ ਸਿੰਘ ਅਤੇ ਮੋਨੂੰ ਦੇ ਕਾਫੀ ਸੱਟਾਂ ਵੱਜੀਆਂ। ਬੱਸ ਡਰਾਈਵਰ ਬੱਸ ਨੂੰ ਖੜ੍ਹੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਬਲਵਿੰਦਰ ਸਿੰਘ ਆਦੇਸ਼ ਹਸਪਤਾਲ ਭੁੱਚੋ ‘ਚ ਜ਼ੇਰੇ ਇਲਾਜ ਹੈ ਅਤੇ ਮੋਨੂੰ ਦੇ ਕਾਫ਼ੀ ਸੱਟਾਂ ਵੱਜੀਆਂ ਹਨ। ਮ੍ਰਿਤਕ ਦੇ ਚਚੇਰੇ ਭਰਾ ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਿੱਛੇ ਪਤਨੀ, ਛੇ ਸਾਲਾ ਲੜਕੀ ਅਤੇ ਸਾਢੇ ਤਿੰਨ ਦਾ ਲੜਕਾ ਛੱਡ ਗਿਆ ਹੈ। ਸੜਕ ’ਤੇ ਜਾਮ ਲਗਾ ਧਰਨੇ ‘ਤੇ ਬੈਠੇ ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨਾਲ ਥਾਣਾ ਮੁਖੀ ਮਨਿੰਦਰ ਸਿੰਘ ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮਝਾਇਆ ਕਿ ਡਰਾਈਵਰ ਮੌਕੇ ’ਤੇ ਫ਼ਰਾਰ ਹੋ ਗਿਆ ਅਤੇ ਟਰਾਂਸਪੋਰਟ ਦਾ ਰਿਕਾਰਡ ਚੈੱਕ ਕਰਕੇ ਉਸ ਨੂੰ ਨਾਮਜ਼ਦ ਕੀਤਾ ਜਾਵੇਗਾ ਜਿਸ ’ਤੇ ਸੰਤੁਸ਼ਟੀ ਉਪਰੰਤ ਵਾਰਸ ਲਾਸ਼ ਨੂੰ ਲੈ ਕੇ ਅੰਤਿਮ ਸੰਸਕਾਰ ਲਈ ਪਿੰਡ ਰਵਾਨਾ ਹੋ ਗਏ।