ਪੱਤਰ ਪ੍ਰੇਰਕ
ਮਾਨਸਾ, 16 ਮਈ
ਸਿਹਤ ਵਿਭਾਗ ਮਾਨਸਾ ਨੇ ਇਕ ਮਿ੍ਰਤਕ ਔਰਤ ਨੂੰ ਦੂਜੀ ਵਾਰ ਕਰੋਨਾ ਦੀ ਡੋਜ਼ ਲਗਾ ਦਿੱਤੀ ਹੈ। ਐਨਾ ਹੀ ਨਹੀਂ ਸਫਲਤਾਪੂਰਵਕ ਡੋਜ਼ ਲੱਗਣ ਦਾ ਸੁਨੇਹਾ ਪਰਿਵਾਰ ਨੂੰ ਮੈਸੇਜ਼ ਰਾਹੀਂ ਮੋਬਾਈਲ ਫੋਨ ’ਤੇ ਭੇਜਿਆ ਗਿਆ ਹੈ, ਜਿਸ ਕਾਰਨ ਪਰਿਵਾਰ ਹੈਰਾਨ ਅਤੇ ਪ੍ਰੇਸ਼ਾਨ ਹੈ। ਇਸ ਤੋਂ ਪਹਿਲਾਂ ਵੀ ਮ੍ਰਿਤਕ ਔਰਤ ਸਫ਼ਲਤਾਪੂਰਵਕ ਡੋਜ਼ ਲੱਗਣ ਦਾ ਸੁਨੇਹਾ ਵੀ ਮੈਸੇਜ਼ ਰਾਹੀਂ ਭੇਜਿਆ ਗਿਆ ਸੀ। ਉਸ ਵੇਲੇ ਇਹ ਮਾਮਲਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਅਤੇ ਹੋਰ ਸਿਹਤ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਇਸ ਦਾ ਸਖ਼ਤ ਨੋਟਿਸ ਲਿਆ ਗਿਆ ਸੀ। ਸਿਹਤ ਅਧਿਕਾਰੀਆਂ ਨੇ ਉਸ ਸਮੇਂ ਪਰਿਵਾਰ ਕੋਲ ਪਹੁੰਚ ਕੇ ਮਲਾਲ ਕੀਤਾ ਸੀ ਕਿ ਇਹ ਸਭ ਤਕਨੀਕੀ ਗਲਤੀ ਕਾਰਨ ਹੋਇਆ ਹੈ, ਜਿਸ ਲਈ ਉਹ ਮੁਆਫ਼ੀ ਮੰਗਦੇ ਹਨ, ਪਰ ਸਿਹਤ ਵਿਭਾਗ ਮਾਨਸਾ ਨੇ ਮੁੜ ਆਪਣੀ ਲਾਪ੍ਰਵਾਹੀ ਵਿਖਾਉਂਦਿਆਂ ਕਰੀਬ ਦੋ ਮਹੀਨਿਆਂ ਬਾਅਦ ਮੁੜ ਪਰਿਵਾਰ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਉਨ੍ਹਾਂ ਦੀ ਪਰਿਵਾਰਕ ਮੈਂਬਰ ਔਰਤ ਨੂੰ ਸਫ਼ਲਤਾਪੂਰਵਕ ਕਰੋਨਾ ਦੀ ਦੂਜੀ ਡੋਜ਼ ਲੱਗ ਚੁੱਕੀ ਹੈ, ਜਿਸ ਦਾ ਸਰਟੀਫਿਕੇਟ ਉਹ ਡਾਊਨਲੋਡ ਕਰ ਸਕਦੇ ਹਨ। ਮਾਨਸਾ ਵਾਸੀ ਫੋਟਗ੍ਰਾਫਰ ਰਮੇਸ਼ ਜਿੰਦਲ ਦੀ ਪਤਨੀ ਆਸ਼ਾ ਰਾਣੀ ਨੂੰ 11 ਜਨਵਰੀ, 2022 ਨੂੰ ਕਰੋਨਾ ਦੀ ਪਹਿਲੀ ਡੋਜ਼ ਲੱਗੀ ਸੀ ਤੇ ਬਿਮਾਰ ਹੋਣ ਤੋਂ ਬਾਅਦ 18 ਮਾਰਚ, 2022 ਨੂੰ ਆਸ਼ਾ ਰਾਣੀ ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਨੇ ਮ੍ਰਿਤਕ ਔਰਤ ਦੇ ਪਤੀ ਰਮੇਸ਼ ਜਿੰਦਲ ਨੂੰ ਮੈਸੇਜ਼ ਭੇਜਿਆ ਕਿ 6 ਅਪਰੈਲ, 2022 ਨੂੰ ਉਸਦੀ ਪਤਨੀ ਆਸ਼ਾ ਰਾਣੀ ਨੂੰ ਕਰੋਨਾ ਵੈਕਸੀਨੇਸ਼ਨ ਦੀ ਦੂਜੀ ਡੋਜ਼ ਲੱਗ ਚੁੱਕੀ ਹੈ, ਜਦੋਂਕਿ ਉਸਦੀ ਇੱਕ ਮਹੀਨਾ ਪਹਿਲਾਂ ਮੌਤ ਹੋ ਚੁੱਕੀ ਸੀ।
ਪਰਿਵਾਰ ਨੇ ਇਹ ਮਾਮਲਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੇ ਧਿਆਨ ’ਚ ਲਿਆਂਦਾ ਤੇ ਅਧਿਕਾਰੀਆਂ ਨੇ ਮੌਕੇ ’ਤੇ ਆ ਕੇ ਇਸ ਨੂੰ ਤਕਨੀਕੀ ਗਲਤੀ ਦੱਸਦਿਆਂ ਇਸ ’ਤੇ ਅਫਸੋਸ ਪ੍ਰਗਟਾਇਆ ਤੇ ਕਿਹਾ ਕਿ ਮੁੜ ਅਜਿਹਾ ਨਹੀਂ ਹੋਵੇਗਾ। ਰਮੇਸ਼ ਜਿੰਦਲ ਨੇ ਦੱਸਿਆ ਕਿ 15 ਮਈ, 2022 ਨੂੰ ਉਸ ਨੂੰ ਮੁੜ ਮੈਸੇਜ਼ ਰਾਹੀਂ ਉਹੀ ਸੁਨੇਹਾ ਮਿਲਿਆ ਹੈ ਕਿ ਆਸ਼ਾ ਰਾਣੀ ਨੂੰ ਕਰੋਨਾ ਦੀ ਦੂਜੀ ਡੋਜ਼ ਸਫ਼ਲਤਾਪੂਰਵਕ ਲੱਗ ਚੁੱਕੀ ਹੈ। ਪਰਿਵਾਰ ਨੂੰ ਦੁੱਖ ਹੈ ਕਿ ਸਿਹਤ ਵਿਭਾਗ ਮਾਨਸਾ ਉਨ੍ਹਾਂ ਦੇ ਮ੍ਰਿਤਕ ਪਰਿਵਾਰਕ ਮੈਂਬਰ ਨਾਲ ਮਜ਼ਾਕ ਕਰ ਰਿਹਾ ਹੈ।
ਮਾਨਸਾ ਦੇ ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋਣ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।