ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 15 ਜੂਨ
ਮੰਡੀਆਂ ’ਚ ਸਬਜ਼ੀਆਂ ਦੇ ਥੋਕ ਦੇ ਭਾਅ ਕਾਫੀ ਹੇਠਾਂ ਆਉਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਮੋਹਰ ਸਿੰਘ ਵਾਲਾ (ਧਰਮੂਵਾਲਾ) ਦੇ ਕਿਸਾਨ ਰਿੰਕੂ ਕੁਮਾਰ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਪਰ ਇਸ ਵਾਰ ਬਾਜ਼ਾਰ ’ਚ ਸਬਜ਼ੀਆਂ ਦੀ ਮੰਗ ਘੱਟ ਹੋਣ ਕਾਰਨ ਉਨ੍ਹਾਂ ਨੂੰ ਭਾਅ ਨਹੀਂ ਮਿਲ ਰਹੇ। ਉਨ੍ਹਾਂ ਦੱਸਿਆ ਕਿ ਭਿੰਡੀ ਤੇ ਮਿਰਚਾ ਦੀ ਤੁੜਾਈ 3-4 ਰੁਪਏ ਪ੍ਰਤੀ ਕਿਲੋ ਹੈ ਅਤੇ ਮੰਡੀ ’ਚ 6-7 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਜ਼ੀ ਵਿਕਦੀ ਹੈ ਜਿਸ ਨਾਲ ਖਰਚ ਵੀ ਪੂਰਾ ਨਹੀਂ ਹੁੰਦਾ। ਇਸੇ ਤਰ੍ਹਾਂ ਸ਼ਿਮਲਾ ਮਿਰਚ, ਪੇਠਾ, ਤੋਰੀ ਆਦਿ ਦੇ ਭਾਅ ਵੀ ਇੱਥੇ ਹੀ ਖੜ੍ਹੇ ਹਨ ਜਦਕਿ ਟਮਾਟਰ ਦੇ ਭਾਅ ਤਾਂ ਹੋਰ ਵੀ ਹੇਠਾਂ ਡਿੱਗ ਚੁੱਕੇ ਹਨ।
ਕਿਸਾਨਾਂ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਪਿਛਲੀ ਵਾਰ ਸਬਜ਼ੀਆਂ ਦੇ ਭਾਅ ਚੰਗੇ ਸਨ ਅਤੇ ਉਨ੍ਹਾਂ ਨੂੰ ਮੁਨਾਫਾ ਵੀ ਹੋਇਆ ਹੈ ਪਰ ਇਸ ਵਾਰ ਲਾਗਤ ਵੀ ਪੂਰੀ ਨਹੀਂ ਹੁੰਦੀ ਅਤੇ ਕਈ ਵਾਰ ਮੰਡੀ ’ਚ ਸਬਜ਼ੀ ਨਾ ਵਿਕਣ ਕਾਰਨ ਉਨ੍ਹਾਂ ਨੂੰ ਸਬਜ਼ੀ ਵਾਪਿਸ ਲਿਆਉਣੀ ਪੈਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਜਿਸ ਤਰ੍ਹਾਂ ਹਾਲਾਤ ਲੱਗ ਰਹੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਭਵਿੱਖ ’ਚ ਸਬਜ਼ੀਆਂ ਦੀ ਕਾਸ਼ਤ ਕਰਨੀ ਉਨ੍ਹਾਂ ਲਈ ਕਾਫੀ ਔਖੀ ਹੋਵੇਗੀ ਕਿਉਂਕਿ ਸਬਜ਼ੀਆਂ ’ਚ ਹੋ ਰਹੇ ਆਰਥਿਕ ਨੁਕਸਾਨ ਦੀ ਭਰਪਾਈ ਸੌਖੀ ਨਹੀਂ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਕੁਝ ਸਬਜ਼ੀਆਂ ਦੇ ਭਾਅ ਨਿਰਧਾਰਤ ਕਰੇ ਤਾਂ ਜੋ ਉਹ ਸਬਜ਼ੀਆਂ ਦੀ ਕਾਸ਼ਤ ਜਾਰੀ ਰੱਖ ਸਕਣ।